ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ
ਕਿਸਾਨਾਂ ਨੂੰ ਪੁਲਿਸ ਨੇ ਬਠਿੰਡਾ ਜਾਣ ਤੋਂ ਜਬਰੀ ਰੋਕਿਆ
Publish Date: Fri, 06 Feb 2026 05:28 PM (IST)
Updated Date: Sat, 07 Feb 2026 04:05 AM (IST)

ਕਿਸਾਨਾਂ ਨੂੰ ਪੁਲਿਸ ਨੇ ਬਠਿੰਡਾ ਜਾਣ ਤੋਂ ਜਬਰੀ ਰੋਕਿਆ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਬਠਿੰਡਾ ਮਿੰਨੀ ਸੈਕਟਰੀਏਟ ਅੱਗੇ ਧਰਨਾ ਲਾਏ ਜਾਣ ਦਾ ਸੱਦਾ ਦਿੱਤਾ ਹੋਇਆ ਸੀ। ਧਰਨੇ ਨੂੰ ਲੈ ਕੇ ਕਿਸਾਨ ਵਹੀਰਾਂ ਘੱਤ ਕੇ ਬਠਿੰਡੇ ਵੱਲ ਨੂੰ ਜਾ ਰਹੇ ਸਨ ਕਿ ਮਹਿਲਾਂ ਚੌਕ ਵਿਖੇ ਓਵਰਬ੍ਰਿਜ਼ ਦੇ ਉੱਪਰ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਪਰ ਕਿਸਾਨ ਅੱਗੇ ਜਾਣ ਲਈ ਬਜਿੱਦ ਨਜ਼ਰ ਆ ਰਹੇ ਸਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਦਿੜ੍ਹਬਾ ਦੇ ਵੱਡੀ ਗਿਣਤੀ ਵਿਚ ਕਿਸਾਨ ਬਠਿੰਡਾ ਵੱਲ ਨੂੰ ਆਪਣੀਆਂ ਗੱਡੀਆਂ ਰਾਹੀਂ ਜਾ ਰਹੇ ਸਨ। ਪੁਲ ਦੇ ਉੱਪਰ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਬਠਿੰਡੇ ਜਾਣ ਲਈ ਕਹਿ ਰਹੇ ਸਨ। ਪੁਲਿਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਜਾਣ ਨਾ ਦਿੱਤਾ ਇਸ ਕਰ ਕੇ ਉਨ੍ਹਾਂ ਦੇ ਵਿੱਚ ਆਪਸੀ ਧੱਕਾ-ਮੁੱਕੀ ਵੀ ਹੋਈ ਪੁਲਿਸ ਨੇ ਹਲਕਾ ਜਿਹਾ ਲਾਠੀਚਾਰਜ ਵੀ ਕੀਤਾ। ਪੁਲਿਸ ਵੱਲੋਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਥਾਵਾਂ ’ਤੇ ਲੈ ਜਾਇਆ ਗਿਆ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਕਿੰਨੇ ਕਿਸਾਨ ਗ੍ਰਿਫ਼ਤਾਰ ਕੀਤੇ ਹਨ ਤੇ ਕਿੰਨੇ ਛੱਡ ਦਿੱਤੇ ਹਨ।