- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਖੁੱਲ੍ਹਣਗੇ ਪਿੰਡ ਕਲੀਨਿਕ

ਪਰਗਟ ਸਿੰਘ, •ਪੰਜਾਬੀ ਜਾਗਰਣ, •ਪਟਿਆਲਾ : ਸਿਹਤ ਤੇ ਸਿੱਖਿਆ ’ਚ ਸੁਧਾਰਾਂ ਦਾ ਵਾਅਦਾ ਕਰਕੇ ਸੱਤਾ ’ਚ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਹੁਣ ਆਪਣਾ ਧਿਆਨ ਸਿਹਤ ਕ੍ਰਾਂਤੀ ਵੱਲ ਕੀਤਾ ਹੋਇਆ ਹੈ, ਜਿਸ ਤਹਿਤ ਸੂਬਾ ਵਾਸੀਆਂ ਨੂੰ ਜਿੱਥੇ ਜ਼ਿਲ੍ਹਾ ਹਸਪਤਾਲਾਂ ਸਮੇਤ ਵੱਡੇ ਹਸਪਤਾਲਾ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਈ ਜਾ ਰਹੀਆਂ ਹਨ ਉਥੇ ਹੀ ਦਿਹਾਤੀ ਖੇਤਰ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਜਾਂ ਪਿੰਡਾਂ ਨੇੜੇ ਹੀ ਮੈਡੀਕਲ ਸਹੂਲਤਾਂ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸੱਤਾ ਪ੍ਰਾਪਤੀ ਉਪਰੰਤ ਸੂਰੂ ਕੀਤੇ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਪਿੰਡ ਕਲੀਨਿਕ ਖੋਲੇ ਜਾਣਗੇ, ਜਿਸ ਤਹਿਤ ਪੰਜ ਕਲੀਨਿਕਾਂ ‘ਤੇ ਇੱਕ ਡਾਕਟਰ ਤੈਨਾਤ ਕੀਤਾ ਜਾਵੇਗਾ। ਸਾਰੇ ਕਲੀਨਿਕਾਂ ਵਿਚ ਇੱਕ ਨਰਸ ਤੈਨਾਤ ਹੋਵੇਗੀ। ਕਲੀਨਿਕ ਵਿੱਚ ਜੇ ਕੋਈ ਵਿਅਕਤੀ ਆਪਣੀ ਸਿਹਤ ਦੀ ਜਾਂਚ ਕਰਵਾਉਣ ਆਵੇਗਾ ਤਾਂ ਨਰਸ ਸਬੰਧਤ ਡਾਕਟਰ ਨਾਲ ਸੰਪਰਕ ਕਰਕੇ ਉਸ ਨੂੰ ਮਰੀਜ਼ ਦੀ ਬਿਮਾਰੀ ਬਾਰੇ ਜਾਣਕਾਰੀ ਦੇਵੇਗੀ। ਇਸ ਤੋਂ ਬਾਅਦ ਡਾਕਟਰ ਦੱਸੇਗਾ ਕਿ ਮਰੀਜ਼ ਨੂੰ ਕਿਹੜੀਆਂ ਦਵਾਈਆਂ ਦੇਣੀਆਂ ਹਨ। ਫਿਰ ਨਰਸ ਮਰੀਜ਼ ਨੂੰ ਦਵਾਈ ਦੇਵੇਗੀ। ਸ਼ੁਰੂਆਤ ਵਿੱਚ ਕਲੀਨਿਕ ਵਿੱਚ ਦਵਾਈਆਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹੌਲੀ-ਹੌਲੀ ਸਿਹਤ ਸਹੂਲਤਾਂ ਵਧਾਈਆਂ ਜਾਣਗੀਆਂ। ਇਸ ਸਬੰਧੀ ਵੱਖ ਵੱਖ ਜਿਲ੍ਹਿਆ ’ਚ ਇਨ੍ਹਾਂ ਕਲੀਨਿਕਾਂ ਵਿੱਚ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਟਿਆਲਾ ਵਿਚ 21 ਪਿੰਡ ਕਲੀਨਿਕ ਖੋਲੇ ਜਾਣਗੇ, ਜੋ ਕਿ ਨਿਰੋਲ ਪਿੰਡਾ ’ਚ ਖੋਲ੍ਹੇ ਜਾਣਗੇ। ਇਨ੍ਹਾਂ ਪਿੰਡ ਕਲੀਨਿਕਾਂ ਦੇ ਖੁਲ੍ਹਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਲਗਭਗ 84 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 25 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਦਵਾਈ ਅਤੇ ਟੈਸਟ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ।
-ਲੋਕਾਂ ਨੂੰ ਘਰਾਂ ਨੇੜੇ ਮਿਲਣਗੀਆ ਸਹਤ ਸਹੂਲਤਾਂ : ਸਿਵਲ ਸਰਜਨ
ਇਸਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ’ਚ 21 ਪਿੰਡ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਉਨ੍ਹਾਂ ਆਖਿਆ ਕਿ ਪਹਿਲਾਂ ਲੋਕ ਆਮ ਆਦਮੀ ਕਲੀਨਿਕਾਂ ’ਚ ਇਲਾਜ ਕਰਵਾ ਰਹੇ ਹਨ ਤੇ ਹੁਣ ਨਵੇਂ ਪਿੰਡ ਕਲੀਨਿਕ ਖੁਲ੍ਹਣ ਨਾਲ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਲੋਕਾਂ ਲਈ ਆਪਣਾ ਇਲਾਜ ਕਰਵਾਉਣਾ ਹੋਰ ਵੀ ਆਸਾਨ ਹੋ ਜਾਵੇਗਾ। ਸਿਹਤ ਵਿਭਾਗ ਹਮੇਸ਼ਾਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਉਚਿਤ ਪ੍ਰਬੰਧ ਕੀਤੇ ਜਾਂਦੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।