ਸਵਰਨਕਾਰ ਸੰਘ ਦੇ ਪ੍ਰਧਾਨ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ
ਸਵਰਨਕਾਰ ਸੰਘ ਦੇ ਪ੍ਰਧਾਨ ਦੇ ਘਰ ’ਤੇ ਪੈਟਰੋਲ ਬੰਬ ਹਮਲਾ
Publish Date: Tue, 21 Apr 2026 05:42 PM (IST)
Updated Date: Wed, 22 Apr 2026 04:04 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸ਼ਹਿਰ ’ਚ ਪਹਿਲੀ ਵਾਰ ਪੈਟਰੋਲ ਬੰਬ ਨਾਲ ਹਮਲੇ ਦੀ ਘਟਨਾ ਸਾਹਮਣੇ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸਵਰਨਕਾਰ ਸੰਘ ਦੇ ਪ੍ਰਧਾਨ ਦਰਸ਼ਨ ਖੁਰਮੀ ਦੇ ਘਰ ਜੋ ਕਿ ਸ਼ਿਵਪੁਰੀ ਮੁਹੱਲਾ ਨੇੜੇ ਜੋਲੀ ਧਰਮਸ਼ਾਲਾ ਦੇ ਕੋਲ ਸਥਿਤ ਹੈ, ਰਾਤ ਕਰੀਬ 10:30 ਵਜੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ। ਪੈਟਰੋਲ ਬੰਬ ਸੁੱਟਣ ਨਾਲ ਹੀ ਅੱਗ ਨੇ ਭਿਆਨਕ ਰੂਪ ਧਾਰ ਲਿਆ। ਬੰਬ ਤਾਰਾਂ ਨਾਲ ਟਕਰਾ ਕੇ ਘਰ ਅੰਦਰ ਜਾ ਡਿੱਗਾ। ਇਸ ਕਾਰਨ ਘਰ ਵਿੱਚ ਖੜ੍ਹੀ ਕਾਰ ਦੇ ਕਵਰ ਤੇ ਟਾਇਰ ਨੂੰ ਅੱਗ ਲੱਗ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਰੋਲਾ ਪਾਉਣ ’ਤੇ ਘਰ ਵਾਲਿਆਂ ਨੇ ਅੰਦਰੋਂ ਹੀ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਧੂਰੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੇ ਸ਼ਹਿਰ ਵਾਸੀਆਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਮੌਕਾ ਦੇਖ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਇਹ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਫੜਿਆ ਜਾਵੇਗਾ। ਧੂਰੀ ਵਿਚ ਇਸ ਤਰ੍ਹਾਂ ਦੀ ਪੈਟਰੋਲ ਬੰਬ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ। ਇਸ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ੁਭਮ ਸ਼ਰਮਾ ਸ਼ੁਭਵੀ ਜਨਰਲ ਸੈਕਟਰੀ ਯੂਥ ਕਾਂਗਰਸ ਪੰਜਾਬ ਤੇ ਆਸ਼ੀਸ਼ ਗਰਗ ਸ਼ਹਿਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਧੂਰੀ, ਦਰਸ਼ਨ ਸੰਦਿਓੜਾ, ਧਰਮਪਾਲ ਧਰਮਾ ਵੱਲੋਂ ਵੀ ਰੋਸ ਜਤਾਇਆ ਗਿਆ।