ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਨਗਰ ਕੌਂਸਲ ਦਫਤਰ ਅੱਗੇ ਲੇਟੇ
ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਨਗਰ ਕੌਂਸਲ ਦਫਤਰ ਅੱਗੇ ਪੈ ਗਏ
Publish Date: Sat, 07 Mar 2026 06:22 PM (IST)
Updated Date: Sun, 08 Mar 2026 04:12 AM (IST)

ਗੰਦਗੀ ਭਰੇ ਮਾਹੌਲ ਕਾਰਨ ਲੋਕ ਮੁਹੱਲੇ ਵਿੱਚ ਮਰਨ ਦੀ ਕਗਾਰ ’ਤੇ ਪਹੁੰਚੇ : ਮੁਹੱਲਾ ਵਾਸੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਨਗਰ ਕੌਂਸਲ ਸੰਗਰੂਰ ਦੇ ਉਪ-ਪ੍ਰਧਾਨ ਦੇ ਵਾਰਡ ਨੰਬਰ–23 ਵਿਚ ਸੀਵਰੇਜ ਦੇ ਓਵਰਫਲੋ ਹੋ ਰਹੇ ਗੰਦੇ ਪਾਣੀ ਤੇ ਸਫਾਈ ਦੀ ਘਾਟ ਕਾਰਨ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਮੁਹੱਲਾ ਵਾਸੀਆਂ ਦਾ ਸਬਰ ਸ਼ਨਿੱਚਰਵਾਰ ਨੂੰ ਟੁੱਟ ਗਿਆ ਤੇ ਉਹ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਜਾ ਕੇ ਪੈ ਗਏ। ਮੁਹੱਲਾ ਵਾਸੀਆਂ ਨੇ ਕਿਹਾ ਕਿ ਗੰਦਗੀ ਭਰੇ ਮਾਹੌਲ ਕਾਰਨ ਲੋਕ ਮੁਹੱਲੇ ਵਿੱਚ ਮਰਨ ਦੀ ਕਗਾਰ ’ਤੇ ਪਹੁੰਚ ਗਏ ਹਨ। ਜੇਕਰ ਨਗਰ ਕੌਂਸਲ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਤਾਂ ਲੋਕ ਆਪਣੇ ਘਰਾਂ ਵਿਚ ਨਹੀਂ, ਸਗੋਂ ਨਗਰ ਕੌਂਸਲ ਦੇ ਦਰਵਾਜ਼ੇ ’ਤੇ ਮਰਨ ਲਈ ਤਿਆਰ ਹਨ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੇ ਵਾਰਡ ਕੌਂਸਲਰ ਖ਼ਿਲਾਫ਼ ਨਾਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟ ਕੀਤਾ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਮੁਹੱਲੇ ਵਿਚ ਸੀਵਰੇਜ ਦੀ ਸਫਾਈ ਕਰ ਕੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਾਰਾ ਮੁਹੱਲਾ ਇਕੱਠਾ ਹੋ ਕੇ ਨਗਰ ਕੌਂਸਲ ਦਫ਼ਤਰ ਵਿਚ ਪਹੁੰਚ ਕੇ ਸਖ਼ਤ ਕਦਮ ਚੁੱਕੇਗਾ। ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਭਰਿਆ ਮੁਹੱਲਾ ਵਾਸੀ ਸੋਹਣ ਸਿੰਘ, ਵਿੱਕੀ ਕੁਮਾਰ ਸਮੇਤ ਔਰਤਾਂ ਨੇ ਦੱਸਿਆ ਕਿ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਭਰ ਗਿਆ ਹੈ, ਜਿਸ ਨਾਲ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ। ਲੋਕ ਹਰ ਰੋਜ਼ ਬੱਚਿਆਂ ਨੂੰ ਗੋਦੀ ਚੁੱਕ ਕੇ ਗਲੀਆਂ ਵਿੱਚ ਭਰੇ ਗੰਦੇ ਪਾਣੀ ਵਿਚੋਂ ਲੰਘ ਕੇ ਬਾਹਰ ਲੈ ਕੇ ਜਾਂਦੇ ਹਨ। ਬਦਬੂ ਅਤੇ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ ਅਤੇ ਬੱਚੇ, ਬੁਜ਼ੁਰਗ ਤੇ ਮਹਿਲਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਮੁਹੱਲੇ ਵਿੱਚ ਇੱਕ ਡੀਐਸਪੀ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਅਰਥੀ ਵੀ ਗੰਦੇ ਪਾਣੀ ਵਿੱਚੋਂ ਲੰਘਾ ਕੇ ਲੈ ਜਾਣੀ ਪਈ ਸੀ। ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਨਿਯਮਤ ਸਫਾਈ ਨਹੀਂ ਹੋ ਰਹੀ, ਜਿਸ ਕਾਰਨ ਹਾਲਾਤ ਦਿਨੋਂ-ਦਿਨ ਹੋਰ ਵੀ ਖਰਾਬ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਿਲ ਅਤੇ ਸੰਬੰਧਿਤ ਵਾਰਡ ਕੌਸਲਰ ਦੇ ਖ਼ਿਲਾਫ਼ ਨਾਰੇਬਾਜ਼ੀ ਕਰਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸੀਵਰੇਜ ਦੀ ਸਫਾਈ ਕਰਕੇ ਗੰਦੇ ਪਾਣੀ ਦੀ ਢੰਗ ਨਾਲ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰਾ ਮੁਹੱਲਾ ਇਕੱਠਾ ਹੋ ਕੇ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਕੇ ਸਖ਼ਤ ਕਦਮ ਚੁੱਕੇਗਾ। ਸਥਾਨਕ ਲੋਕਾਂ ਨੇ ਨਗਰ ਕੌਂਸਿਲ ਤੋਂ ਅਪੀਲ ਕੀਤੀ ਕਿ ਮੀਂਹ ਦੇ ਮੌਸਮ ਤੋਂ ਪਹਿਲਾਂ ਸੀਵਰੇਜ ਪ੍ਰਣਾਲੀ ਨੂੰ ਠੀਕ ਕੀਤਾ ਜਾਵੇ ਅਤੇ ਨਿਯਮਤ ਸਫਾਈ ਮੁਹਿੰਮ ਚਲਾਈ ਜਾਵੇ ਤਾਂ ਜੋ ਮੁਹੱਲੇ ਵਿੱਚ ਸਾਫ਼-ਸੁਥਰਾ ਮਾਹੌਲ ਬਣਿਆ ਰਹੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਕੌਂਸਲ ਵੱਲੋਂ ਪੱਖਪਾਤ ਕੀਤਾ ਜਾ ਰਿਹਾ : ਵਾਰਡ ਕੌਸਲਰ ਵਾਰਡ ਕੌਸਲਰ ਤੇ ਕੌਂਸਲ ਦੇ ਉਪ-ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ ਨੇ ਕਿਹਾ ਕਿ ਉਨ੍ਹਾਂ ਸਮੇਤ ਦਸ ਕੌਸਲਰ ਕਈ ਵਾਰ ਨਗਰ ਕੌਂਸਲ ਕੋਲ ਆਪਣੇ ਵਾਰਡ ਵਿੱਚ ਸੀਵਰੇਜ ਦੀ ਸਫਾਈ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕਰ ਚੁੱਕੇ ਹਨ, ਪਰ ਕੌਂਸਲ ਵੱਲੋਂ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਵਾਰਡ ਵਿਚ ਸਫਾਈ ਲਈ ਮਸ਼ੀਨਰੀ ਤੇ ਕਰਮਚਾਰੀ ਨਹੀਂ ਭੇਜੇ ਜਾ ਰਹੇ। ਉਨ੍ਹਾਂ ਨੇ ਦੱਸਿਆ ਕਿ ਡੀਸੀ ਨੂੰ ਵੀ ਕਈ ਵਾਰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਲੋਕਾਂ ਨੂੰ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਮਿਲੇ, ਪਰ ਕੌਂਸਲ ਜਾਂ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।