ਸੰਘਰਸ਼ ਕਰਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ : ਜੋਗਿੰਦਰ ਉਗਰਾਹਾਂ
ਸੰਘਰਸ਼ ਕਰਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ:ਜੋਗਿੰਦਰ ਉਗਰਾਹਾਂ
Publish Date: Sat, 07 Feb 2026 06:20 PM (IST)
Updated Date: Sun, 08 Feb 2026 04:06 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੈਸਟ ਕਰਨ ਵਾਲੇ ਲੋਕ ਅਤੇ ਕੌਮਾਂ ਹੀ ਮੈਦਾਨ ਅੰਦਰ ਜਿੱਤ ਪ੍ਰਾਪਤ ਕਰਦੀਆਂ ਹਨ ਜੋ ਲੋਕ ਕਦੇ ਮੈਦਾਨ ਵਿੱਚ ਆ ਕੇ ਲੜਾਈ ਹੀ ਨਹੀਂ ਲੜ ਸਕੇ ਉਹ ਕਦੇ ਵੀ ਜਿੱਤਾਂ ਦਾ ਸਵਾਦ ਨਹੀਂ ਲੈ ਸਕਦੇ। ਉਹ ਦਿੜਬਾ ਵਿਖੇ ਠੇਕਾ ਮੁਲਾਜ਼ਮਾਂ ਦੀ ਸੂਬਾ ਪੱਧਰੀ ਰੈਲੀ ਦੀ ਹਮਾਇਤ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਯੂਨੀਅਨ ਉੱਤੇ ਸ਼ੁਕਰਵਾਰ ਨੂੰ ਕੀਤੇ ਗਏ ਜਬਰੀ ਤਸ਼ੱਦਦ ਨੂੰ ਉਹ ਆਪਣੇ ਚੱਲ ਰਹੇ ਸੰਘਰਸ਼ ਲਈ ਤੇਜ਼ ਕਰਨ ਵਾਸਤੇ ਖੁਰਾਕ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਸੰਘਰਸ਼ ਦੇ ਮੈਦਾਨ ਵਿੱਚ ਨਿਤਰੇ ਹੋ ਤਾਂ ਮੌਕੇ ਦੀਆਂ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਹੀ ਪਵੇਗਾ ਉਹਨਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਬਿਨਾ ਤੁਸੀਂ ਜਿੱਤ ਦੀ ਮੰਜ਼ਿਲ ਵੱਲ ਨਹੀਂ ਵਧ ਸਕਦੇ। ਉਹਨਾਂ ਕਿਹਾ ਕਿ ਉਹ ਠੇਕਾ ਮੁਲਾਜ਼ਮਾਂ ਦੀ ਅੱਜ ਦੀ ਇਸ ਰੈਲੀ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ ਨੂੰ ਜਲਦੀ ਹੀ ਪੱਕਾ ਕੀਤਾ ਜਾਵੇ ਅਤੇ ਇਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਜਾਵੇ। ਪੰਜਾਬ ਦੀ ਸਰਕਾਰ ਵੱਲੋਂ ਸ਼ੁਕਰਵਾਰ ਨੂੰ ਕਿਸਾਨਾਂ ਉੱਤੇ ਚਲਾਈ ਗਈ ਲਾਠੀ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਇਹ ਉਹਨਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਮੌਕੇ ਦੀਆਂ ਹਰੇਕ ਸਰਕਾਰਾਂ ਇਹ ਕੁਝ ਕਰਦੀਆਂ ਰਹਿੰਦੀਆਂ ਹਨ। ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਹਕੂਮਤਾਂ ਉਹਨਾਂ ਲੋਕਾਂ ਤੇ ਹੀ ਜਬਰ ਕਰਦੀਆਂ ਹਨ ਜਿਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਧ ਡਰ ਹੁੰਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਇਹ ਨਾ ਸਮਝਣ ਕਿ ਉਹਨਾਂ ਦੀ ਆਵਾਜ਼ ਨੂੰ ਲਾਠੀ ਨਾਲ ਦਵਾਇਆ ਜਾ ਸਕੇਗਾ।ਕਿਸਾਨ ਅਤੇ ਮਜ਼ਦੂਰਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਅਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।