ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਕੀਤੀ ਨਾਅਰੇਬਾਜੀ
Publish Date: Sun, 11 Jan 2026 05:37 PM (IST)
Updated Date: Mon, 12 Jan 2026 04:09 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਮ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਅਤੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਸ ਸਭ ਦੇ ਉਲਟ ਇੱਥੇ ਦਸਮੇਸ਼ ਨਗਰ ਦੀ ਗਲੀ ਨੰਬਰ 3 ਵਿਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ, ਜਿਸਦੇ ਚੱਲਦਿਆਂ ਸੀਵਰੇਜ ਲਗਾਤਾਰ ਓਵਰਫ਼ਲੋ ਹੋਣ ਕਾਰਨ ਗਲੀਆਂ ਵਿਚ ਗੰਦਾ ਪਾਣੀ ਵਗ ਰਿਹਾ ਹੈ ਜਦਕਿ ਨਾਲੀਆਂ ਜਾਮ ਹੋਣ ਨਾਲ ਘਰਾਂ ਅੱਗੇ ਗੰਦਗੀ ਦੇ ਢੇਰ ਲੱਗ ਗਏ ਹਨ। ਦਸ਼ਮੇਸ਼ ਨਗਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਮੁਹੱਲਾ ਵਾਸੀਆਂ ਨੇ ਐਤਵਾਰ ਨੂੰ ਵੱਡੀ ਗਿਣਤੀ ਚ ਇੱਕਤਰ ਹੋ ਕੇ ਪੰਜਾਬ ਸਰਕਾਰ ਤੇ ਨਗਰ ਕੌੰਸਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮੁਹੱਲਾ ਵਾਸੀਆਂ ਨੇ ਗੁੱਸਾ ਜਾਹਿਰ ਕਰਦਿਆਂ ਐਲਾਨ ਕੀਤਾ ਕਿ ਆਗਾਮੀ ਚੋਣਾਂ ਦਾ ਮਹੁੱਲਾ ਵਾਸੀ ਬਾਇਕਾਟ ਕਰਨਗੇ ਤੇ ਵੋਟਾਂ ਮੰਗਣ ਆਉਣ ਵਾਲੇ ਨੁਮਾਇੰਦਿਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮੁਕੇਸ਼ ਖੋਸਲਾ, ਸੋਮ ਦੱਤ, ਕਰਮ ਸਿੰਘ, ਰਸ਼ਪਾਲ ਸਿੰਘ, ਲਾਲੀ ਸਿੰਘ, ਸੁਰਜੀਤ ਸਿੰਘ, ਸ਼ੈੰਟੀ ਧਵਨ, ਹਰਵਿੰਦਰ ਸਿੰਘ, ਭਗਵਾਨ ਸਿੰਘ, ਤਜਿੰਦਰਪਾਲ ਤੇ ਗਗਨਦੀਪ ਸਿੰਘ ਆਦਿ ਨੇ ਕਿਹਾ ਕਿ ਸੀਵਰੇਜ ਜਾਮ ਹੋਣ ਕਾਰਨ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਤੇ ਰੋਜ਼ਾਨਾ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਹੈ। ਇੱਥੇ ਫੈਲੇ ਗੰਦੇ ਪਾਣੀ ਤੋਂ ਗੰਦੀ ਬਦਬੂ ਉਠ ਰਹੀ ਹੈ ਜਿਸ ਕਾਰਨ ਬੱਚੇ, ਬਜ਼ੁਰਗ ਅਤੇ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਮੱਛਰਾਂ ਤੇ ਮੱਖੀਆਂ ਦੀ ਭਰਮਾਰ ਨਾਲ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਸਿਰਫ਼ ਭਰੋਸੇ ਹੀ ਮਿਲੇ ਹਨ ਪਰ ਅਸਲ ਦੇ ਵਿਚ ਲੋਕਾਂ ਦੀ ਸਮੱਸਿਆ ਸਬੰਧੀ ਕੋਈ ਠੋਸ ਕਾਰਵਾਈ ਦੇਖਣ ਨੂੰ ਨਹੀਂ ਮਿਲੀ। ਆਪ, ਕਾਂਗਰਸੀ ਅਤੇ ਅਕਾਲੀ ਵੋਟਾਂ ਮੰਗਣ ਨਾ ਆਉਣ, ਕਰਾਂਗੇ ਵਿਰੋਧ ਲੋਕਾਂ ਨੇ ਗੁੱਸਾ ਜਾਹਿਰ ਕਰਦਿਆਂ ਐਲਾਨ ਕੀਤਾ ਕਿ ਆਗਾਮੀ ਚੋਣਾਂ ਦਾ ਮਹੁੱਲਾ ਵਾਸੀ ਬਾਇਕਾਟ ਕਰਨਗੇ ਤੇ ਵੋਟਾਂ ਮੰਗਣ ਆਉਣ ਵਾਲੇ ਨੁਮਾਇੰਦਿਆਂ ਦਾ ਵਿਰੋਧ ਕੀਤਾ ਜਾਵੇਗਾ। ਜਿਸ ਸਬੰਧੀ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਬੈਨਰ ਵੀ ਤਿਆਰ ਕੀਤਾ ਹੈ ਜਿਸ ਉੱਪਰ ਲਿਖਿਆ ਹੈ ਕਿ ਆਪ, ਕਾਂਗਰਸ ਅਤੇ ਅਕਾਲੀ ਸਾਡੇ ਮੁਹੱਲੇ ਵਿੱਚ ਵੋਟਾਂ ਮੰਗਣ ਨਾ ਆਉਣ, ਜੇਕਰ ਆਏ ਤਾਂ ਵਿਰੋਧ ਕੀਤਾ ਜਾਵੇਗਾ। ਹੱਲ ਨਾ ਹੋਇਆ ਤਾਂ ਕਰਾਂਗੇ ਸੰਘਰਸ਼ : ਮੁਹੱਲਾ ਵਾਸੀ ਅਖੀਰ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾਈ ਜਾਵੇ, ਜਾਮ ਪਈਆਂ ਨਾਲੀਆਂ ਖੁਲ੍ਹਵਾਈਆਂ ਜਾਣ ਅਤੇ ਸਥਾਈ ਹੱਲ ਲਈ ਨਵਾਂ ਸੀਵਰੇਜ ਸਿਸਟਮ ਦਾ ਪ੍ਰਪੋਜਲ ਤਿਆਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ। ਮੁਹੱਲਾ ਵਾਸੀਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਅਸੀਂ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋ ਜਾਵਾਂਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।