ਤਹਿਸੀਲ 'ਚ' ਨਹੀਂ ਹੁੰਦੀ ਲੋਕਾਂ ਦੀ ਸੁਣਵਾਈ
ਤਹਿਸੀਲ 'ਚ' ਨਹੀਂ ਹੁੰਦੀ ਲੋਕਾਂ ਦੀ ਸੁਣਵਾਈ
Publish Date: Thu, 08 Jan 2026 04:12 PM (IST)
Updated Date: Fri, 09 Jan 2026 04:03 AM (IST)

ਤਕਸੀਮ ਕੇਸਾਂ ਤੇ 2 ਸਾਲ ਤੋਂ ਨਹੀਂ ਲੱਗੀ ਕੋਰਟ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਮਲਵਈ) ਦੇ ਜ਼ਿਲ੍ਹਾ ਆਗੂ ਬਿੰਦਰ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਲਹਿਰਾਗਾਗਾ ਦੀ ਅਨਾਜ ਮੰਡੀ ਵਿਖੇ ਇਕੱਤਰਤਾ ਹੋਈ। ਜਥੇਬੰਦੀ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਸੌਰ, ਰਾਮਪਾਲ ਸ਼ਰਮਾਂ ਸੁਨਾਮ, ਹਰਜਿੰਦਰ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਕਿਸਾਨਾਂ ਦੀਆਂ ਖੇਤੀਬਾੜੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਤੇ ਕਿਸਾਨੀ ਦਿੱਕਤਾਂ ਦਾ ਨਿਪਟਾਰਾ ਕਰਵਾਉਣ ਲਈ ਵਿਚਾਰ ਚਰਚਾ ਤੋਂ ਬਾਅਦ 19 ਜਨਵਰੀ ਨੂੰ ਐੱਸਡੀਐੱਮ ਲਹਿਰਾਗਾਗਾ ਦੇ ਦਫ਼ਤਰ ਅੱਗੇ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਲਹਿਰਾ ਤਹਿਸੀਲ ’ਚ ਪੈਂਦੇ ਸਾਰੇ ਪਿੰਡਾ ਦੇ ਲੋਕ ਉਨ੍ਹਾਂ ਦੇ ਕੰਮ ਨਾ ਹੋਣ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਥੋਂ ਦੀ ਅਫ਼ਸਰਸ਼ਾਹੀ ਤੋਂ ਖਫਾ ਹੋ ਰਹੇ ਹਨ। ਤਕਰੀਬਨ 2 ਸਾਲ ਤੋਂ ਖੇਤੀਬਾੜੀ ਸਬੰਧੀ ਤਕਸੀਮ ਦੇ ਕੇਸਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੱਕੀ ਅਫ਼ਸਰਸ਼ਾਹੀ ਨਾ ਹੋਣ ਕਰ ਕੇ ਕੋਰਟ ਵਰਕ ਤੇ ਗਿਰਦਾਵਰੀਆ ਦਾ ਕੰਮ ਠੱਪ ਪਿਆ ਹੈ, ਜਿਸ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੱਕੇ ਕੀਤੇ ਸੂਏਆਂ, ਖਾਲਿਆਂ ’ਚ ਨਾਲਾ (ਮੋਗਿਆਂ) ਉੱਚੀਆਂ ਲਗਾ ਦਿੱਤੀਆਂ ਗਈਆਂ ਹਨ, ਇਨ੍ਹਾਂ ਉੱਚੀਆਂ ਮੋਗਿਆਂ ਨੂੰ ਪੁੱਟ ਕੇ ਨੀਵਾਂ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਮਲਵਈ) ਬਿਜਲੀ ਬਿੱਲ 2025, ਬੀਜ ਬਿੱਲ ਅਤੇ ਨਵੇਂ ਪਾਸ ਕੀਤੇ ਕਿਰਤ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਚਿੱਪ, ਸਿਮ ਵਾਲੇ ਮੀਟਰਾਂ ਦਾ ਬਾਈਕਾਟ ਕਰਦੀ ਹੈ। ਉਨ੍ਹਾਂ ਦੀ ਜਗ੍ਹਾ ਆਮ ਸਧਾਰਨ ਬਿਨਾਂ ਸਿਮ ਵਾਲੇ ਮੀਟਰ ਬਣਾਏ ਜਾਣ ਤੇ ਬਿਜਲੀ ਬੋਰਡ ਦੇ ਦਫ਼ਤਰਾਂ ਵਿਚ ਇਹ ਮੀਟਰ ਮੁਹੱਈਆ ਕਰਵਾਏ ਜਾਣ। ਇਸ ਮੌਕੇ ਔਰਤ ਆਗੂ ਜਸਵੀਰ ਕੌਰ ਲਹਿਲ ਕਲਾਂ, ਪਰਮਜੀਤ ਕੌਰ, ਕਰਨੈਲ ਕੌਰ ਹਰਿਆਊ ਤੇ ਬਲਜੀਤ ਕੌਰ ਤੋਂ ਇਲਾਵਾ ਆਗੂ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਹਾਦਰ ਸਿੰਘ ਸੁਨਾਮ, ਬੰਤਦਾਸ ਸੇਖੂਵਾਸ, ਮਾਸਟਰ ਅਮਰੀਕ ਸਿੰਘ, ਕਾਲਾ ਸਿੰਘ ਸੁਨਾਮ ਹਾਜ਼ਰ ਸਨ।