14 ਸਾਲ ਦੇ ਬੱਚੇ ਤੇ 2 ਵਿਅਕਤੀਆਂ ਨੂੰ ਕੁੱਤੇ ਨੇ ਵੱਢਿਆ
ਸ਼ੇਰਪੁਰ ਇਲਾਕੇ ’ਚ ਅਵਾਰਾ ਕੁੱਤਿਆਂ ਦਾ ਲੋਕ ਹੋ ਰਹੇ ਸ਼ਿਕਾਰ
Publish Date: Thu, 05 Mar 2026 04:10 PM (IST)
Updated Date: Fri, 06 Mar 2026 04:00 AM (IST)

ਦੋਨੋਂ ਵਿਅਕਤੀ ਖੇਤਾਂ ’ਚ ਕੰਮ ਕਰ ਰਹੇ ਸੀ, ਬੱਚੇ ਦਾ ਸ਼ੋਰ ਸੁਣਕੇ ਉਸ ਨੂੰ ਬਚਾਉਣ ਆਏ ਸੀ ਸ਼ੇਰਪੁਰ ਦੇ ਸਰਕਾਰੀ ਹਸਪਤਾਲ ’ਚ ਤਿੰਨਾਂ ਨੂੰ ਕਰਵਾਇਆ ਦਾਖ਼ਲ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇਲਾਕਾ ਅੰਦਰ ਆਵਾਰਾ ਕੁੱਤਿਆਂ ਦੇ ਫਿਰ ਰਹੇ ਝੁੰਡਾਂ ਕਾਰਨ ਲੋਕ ਖੌਫ ਵਿਚ ਹਨ। ਜਦਕਿ ਹਰ ਰੋਜ਼ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਇਲਾਕਾ ਵਾਸੀਆਂ ਵਿਚ ਡਰ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਵੀਰਵਾਰ ਨੂੰ ਗੋਬਿੰਦਪੁਰਾ ਰੋਡ ’ਤੇ 14 ਸਾਲਾ ਬੱਚੇ ’ਤੇ ਆਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ, ਜਿਸ ਨਾਲ ਬੱਚਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਸ਼ੋਰ ਸੁਣ ਕੇ ਨੇੜਲੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਤੁਰੰਤ ਮੌਕੇ ’ਤੇ ਪਹੁੰਚੇ ਤੇ ਬੱਚੇ ਨੂੰ ਕੁੱਤੇ ਤੋਂ ਬਚਾਇਆ। ਬੱਚੇ ਨੂੰ ਬਚਾਉਂਦੇ ਸਮੇਂ ਸ਼ੰਗਾਰਾ ਸਿੰਘ ਨਾਮਕ ਵਿਅਕਤੀ ਨੂੰ ਵੀ ਕੁੱਤੇ ਨੇ ਕੱਟ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਇਕ ਪਰਵਾਸੀ ਮਜ਼ਦੂਰ ਵੀ ਹਮਲੇ ਦਾ ਸ਼ਿਕਾਰ ਹੋਇਆ। ਸੂਚਨਾ ਮਿਲਣ ’ਤੇ ਨਸ਼ਾ ਰੋਕੂ ਕਮੇਟੀ ਖੇੜੀ ਤੇ ਸ਼ੇਰਪੁਰ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰਾਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ । ਲੋਕਾਂ ਦਾ ਕਹਿਣਾ ਹੈ ਕਿ ਸਕੂਲ ਜਾਣ ਵਾਲੇ ਬੱਚੇ ਅਤੇ ਸਵੇਰੇ ਸੈਰ ਕਰਨ ਵਾਲੇ ਬਜ਼ੁਰਗ ਖਾਸ ਤੌਰ ‘ਤੇ ਖਤਰੇ ਵਿੱਚ ਹਨ । ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ।