ਜਨਮ ਭੂਮੀ ਤੋਂ ਦੂਰ ਹੋ ਕੇ ਮਨੁੱਖ ਅਕਸਰ ਰਹਿੰਦਾ ਹੈ ਮਾਨਸਿਕ ਤੌਰ 'ਤੇ ਅਸ਼ਾਂਤ : ਖੋਜ
ਜਨਮ ਭੂਮੀ ਤੋਂ ਦੂਰ ਹੋ ਕੇ ਮਨੁੱਖ ਅਕਸਰ ਰਹਿੰਦਾ ਹੈ ਮਾਨਸਿਕ ਤੌਰ 'ਤੇ ਅਸ਼ਾਂਤ; ਖੋਜ
Publish Date: Sun, 15 Mar 2026 04:04 PM (IST)
Updated Date: Sun, 15 Mar 2026 04:06 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਖੇ ਹੋਏ ਇਕ ਖੋਜ ਕਾਰਜ ਰਾਹੀਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਮਨੁੱਖ ਆਪਣੇ ਵਿਰਸੇ ਦੀਆਂ ਜੜ੍ਹਾਂ ਤੇ ਜਨਮ ਭੂਮੀ ਤੋਂ ਦੂਰ ਹੋ ਕੇ ਅਕਸਰ ਮਾਨਸਿਕ ਤੌਰ ਤੇ ਅਸ਼ਾਂਤ ਰਹਿੰਦਾ ਹੈ। ਖੋਜਾਰਥੀ ਡਾ. ਸੋਹਨ ਕੁਮਾਰ ਵੱਲੋਂ ਨਿਗਰਾਨ ਡਾ. ਨੀਤੂ ਕੌਸ਼ਲ ਦੀ ਅਗਵਾਈ ’ਚ ਹੋਏ ਇਸ ਖੋਜ ਕਾਰਜ ਰਾਹੀਂ ਪ੍ਰਵਾਸੀ ਜੀਵਨ ਦੇ ਗੁੰਝਲਦਾਰ ਸਰੋਕਾਰਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਖੋਜਾਰਥੀ ਡਾ. ਸੋਹਨ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਹਿੰਦੀ ਕਵਿਤਾ ਦੇ ਸਭਿਆਚਾਰਕ ਸਰੋਕਾਰ ਵਿਸ਼ੇ ਉੱਪਰ ਹੋਏ ਇਸ ਖੋਜ ਕਾਰਜ ਰਾਹੀਂ ਪ੍ਰਵਾਸੀ ਹਿੰਦੀ ਕਵਿਤਾ ਦੇ ਵੱਖ-ਵੱਖ ਸੱਭਿਆਚਾਰਕ ਪਹਿਲੂਆਂ ਦਾ ਗਹਿਨ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਆਪਣੇ ਸਭਿਆਚਾਰ, ਜੜ੍ਹਾਂ ਤੇ ਜਨਮ ਭੂਮੀ ਤੋਂ ਦੂਰ ਹੋ ਕੇ ਮਨੁੱਖ ਅਕਸਰ ਮਾਨਸਿਕ ਤੌਰ ਤੇ ਅਸ਼ਾਂਤ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਵਿਤਾਵਾਂ ਦੇ ਵਿਸ਼ਾਗਤ ਅਧਿਐਨ ਰਾਹੀਂ ਇਹ ਸਾਹਮਣੇ ਆਇਆ ਕਿ ਭਾਵੇਂ ਪ੍ਰਵਾਸੀ ਮਨੁੱਖ ਆਰਥਿਕ ਅਤੇ ਸਮਾਜਿਕ ਤੌਰ ਤੇ ਵਿਦੇਸ਼ਾਂ ’ਚ ਬਹੁਤ ਤਰੱਕੀ ਕਰ ਲੈਂਦਾ ਹੈ, ਪਰ ਉਸ ਦੇ ਮਨ ਵਿੱਚ ਆਪਣੀ ਮਿੱਟੀ ਦੀ ਮਹਿਕ ਅਤੇ ਜਨਮ ਭੂਮੀ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿੰਦੀਆਂ ਹਨ। ਡਾ. ਨੀਤੂ ਕੌਸ਼ਲ ਨੇ ਦੱਸਿਆ ਕਿ ਖੋਜਾਰਥੀ ਨੇ ਆਪਣੀ ਖੋਜ ਵਿੱਚ ਪ੍ਰਵਾਸੀ ਜੀਵਨ ਦੇ ਉਸ ਕੌੜੇ ਸੱਚ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਹੈ, ਜਿਸ ਵਿਚ ਵਿਦੇਸ਼ੀ ਧਰਤੀ ਤੇ ਆਪਣੀ ਹੋਂਦ ਅਤੇ ਪਛਾਣ ਬਣਾਉਣ ਲਈ ਇੱਕ ਵਿਅਕਤੀ ਨੂੰ ਅਨੇਕਾਂ ਸੰਘਰਸ਼ਾਂ ਵਿੱਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਕਾਰਜ ਕੇਵਲ ਸਾਹਿਤਕ ਪੱਖ ਤੋਂ ਹੀ ਨਹੀਂ, ਸਗੋਂ ਸਮਾਜਿਕ ਅਤੇ ਨੀਤੀਗਤ ਪੱਖ ਤੋਂ ਵੀ ਬਹੁਤ ਮਹੱਤਵਪੂਰਨ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਅਜਿਹੇ ਮਿਆਰੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਦੀ ਹੈ ਜੋ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਤਰ੍ਹਾਂ ਜੁੜੇ ਹੋਣ।