- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿਖੇ ਜਸਵੰਤ ਜ਼ਫ਼ਰ ਦੀ ਕਿਤਾਬ ’ਤੇ ਹੋਈ ਵਿਚਾਰ-ਗੋਸ਼ਟੀ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਦੇ ਉੱਘੇ ਸ਼ਾਇਰ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਦੀ ਕਾਵਿ-ਪੁਸਤਕ ‘ਮੈਨੂੰ ਬੁੱਧੂ ਹੋਣਾ ਚਾਹੀਦਾ’ ’ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜਸਵੰਤ ਜ਼ਫ਼ਰ ਦੀ ਲਿਖਤ ਵਿਚ ਬਹੁਤ ਡੂੰਘਾਈ ਹੈ ਜੋ ਪਾਠਕ ਨੂੰ ਸੋਚਣ ਅਤੇ ਚਿੰਤਨ ਕਰਨ ਲਈ ਪ੍ਰੇਰਦੀ ਹੈ। ਉਨ੍ਹਾਂ ਕਿਹਾ ਕਿ ਜਸਵੰਤ ਜ਼ਫ਼ਰ ਤਰਕ ਦਾ ਸ਼ਾਇਰ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਗੁਰਸੇਵਕ ਸਿੰਘ ਲੰਬੀ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਕਿਹਾ ਕਿ ਇਹ ਵਿਚਾਰ-ਚਰਚਾ ਵਿਭਾਗ ਦੀ ਯੋਜਨਾ ‘ਅਹਿਮ ਪੁਸਤਕਾਂ ਬਾਰੇ ਵਿਚਾਰ-ਗੋਸ਼ਟੀ’ ਤਹਿਤ ਰੱਖੀ ਗਈ ਹੈ। ਜਸਵੰਤ ਜ਼ਫ਼ਰ ਪੰਜਾਬੀ ਦਾ ਸਿਰਮੌਰ ਸ਼ਾਇਰ ਹੈ। ਉਹ ਬਹੁਤ ਸੂਖ਼ਮਤਾ ਨਾਲ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਬਿਆਨ ਕਰਦਾ ਹੈ। ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨੇ ਪੁਸਤਕ ਦੀ ਜਾਣ-ਪਛਾਣ ਕਰਵਾਉਂਦਿਆਂ ਜਸਵੰਤ ਜ਼ਫ਼ਰ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੰਤ ਜ਼ਫ਼ਰ ਚੰਗੇ ਸਾਹਿਤਕਾਰ ਦੇ ਨਾਲ-ਨਾਲ ਚਿੱਤਰਕਾਰ, ਕਾਰਟੂਨਿਸਟ ਅਤੇ ਕਲਾ ਪ੍ਰੇਮੀ ਹਨ। ਉਹ ਲੰਮਾ ਸਮਾਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਉੱਚ ਅਹੁਦੇ ’ਤੇ ਬਿਰਾਜਮਾਨ ਰਹੇ। ਉਨ੍ਹਾਂ ਦੀ ਕਾਵਿ-ਪੁਸਤਕ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਨੇ ਪੰਜਾਬੀ ਕਾਵਿ-ਜਗਤ ਵਿੱਚ ਇੱਕ ਵੱਖਰੀ ਚਰਚਾ ਛੇੜੀ ਸੀ। ਜਸਵੰਤ ਜ਼ਫ਼ਰ ਨੇ ਚਰਚਾ ਅਧੀਨ ਪੁਸਤਕ ਦੀਆਂ ਕਈ ਰਚਨਾਵਾਂ ਜਿਵੇਂ ‘ਨਿਰਵਾਣ’, ‘ਨਦੀ ਕਿ ਝੀਲ’, ‘ਪੀਰ ਬੁੱਧੂ ਸ਼ਾਹ’, ‘ਸ਼ੋਰ ਜੋ ਮੌਨ ਹੋ ਗਿਆ’, ‘ਇੱਕੋ ਗੱਲ’, ‘ਅਜੇ ਤਾਂ’, ‘ਗ੍ਰਹਿਣ’, ‘ਬੇਟੀ ਨੇ’, ‘ਦਿਸ਼ਾ ਭਰਮ’, ‘ਪੱਕਾ ਰੰਗ’, ‘ਸਮਾਂ’, ‘ਹਾਹਾਕਾਰ’, ‘ਤੱਤੀ ਤਵੀ ਦਾ ਧਿਆਨ ਧਰਦਿਆਂ’ ਸਾਂਝੀਆਂ ਕੀਤੀਆਂ। ਉੱਘੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਜ਼ਫ਼ਰ ਦੀਆਂ ਕਵਿਤਾਵਾਂ ਦੀ ਤਹਿ ਵਿੱਚ ਸਰਲਤਾ ਹੁੰਦੀ ਹੈ ਤੇ ਤੱਟ ਵਿੱਚ ਪੂਰਨ ਡੂੰਘਾਈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਜਸਵੰਤ ਜ਼ਫ਼ਰ ਦੀ ਕਵਿਤਾ ਦਾ ਨਿਵੇਕਲਾ ਆਧਾਰ ਗੁਰਬਾਣੀ ਹੈ। ਉਸ ਦੀ ਕਵਿਤਾ ਰਹੱਸਵਾਦ ਦੇ ਰੂਪਾਂਤਰਣ ਵਾਲੀ ਕਵਿਤਾ ਹੈ। ਉੱਘੇ ਕਵੀ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਸਵੰਤ ਜ਼ਫ਼ਰ ਤਨਜ਼ ਦਾ ਕਵੀ ਹੈ। ਉਸ ਦੀ ਕਰਨੀ ਅਤੇ ਲੇਖਣੀ ਵਿੱਚ ਕੋਈ ਅੰਤਰ ਨਹੀਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਉੱਘੇ ਆਲੋਚਕ ਪ੍ਰੋ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਜਸਵੰਤ ਜ਼ਫ਼ਰ ਦੀਆਂ ਕਵਿਤਾਵਾਂ ਸਤਹੀ ਪੱਧਰ ’ਤੇ ਆਸਾਨ ਲੱਗਦੀਆਂ ਹਨ ਪਰ ਵਿਚਾਰਧਾਰਾਈ ਪੱਧਰ ’ਤੇ ਉਹਨਾਂ ਵਿੱਚ ਬਹੁਤ ਡੂੰਘਾਈ ਹੈ।