ਕੈਂਪ ’ਚ 175 ਯੂਨਿਟ ਖ਼ੂਨ ਕੀਤਾ ਇਕੱਤਰ
ਪੰਜਾਬੀ ਯੂਨੀਵਰਸਿਟੀ ਵਿਖੇ ਲਗਵਾਇਆ ਖੂਨਦਾਨ ਕੈਂਪ
Publish Date: Wed, 18 Mar 2026 05:30 PM (IST)
Updated Date: Wed, 18 Mar 2026 05:34 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਤੇ ਯੂਨੀਵਰਸਿਟੀ ਦੇ ਸਮੂਹ ਇੰਜੀਨੀਅਰਿੰਗ ਵਿਭਾਗਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਵਾਇਆ ਗਿਆ। ਕੈਂਪ ਵਿਚ 250 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਤੇ 175 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਉਦਘਾਟਨ ਐੱਸਪੀ ਪੰਜਾਬ ਪੁਲਿਸ ਮੋਹਿਤ ਅਗਰਵਾਲ ਨੇ ਕੀਤਾ ਗਿਆ। ਮੋਹਿਤ ਅਗਰਵਾਲ ਨੇ ਇਸ ਖੂਨਦਾਨ ਕੈਂਪ ਦੀ ਸਲਾਘਾ ਕਰਦੇ ਹੋਏ ਇਸ ਨੂੰ ਇਕ ਨੇਕ ਕਾਰਜ ਦੱਸਿਆ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਇੱਕ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ. ਦਵਿੰਦਰ ਪਾਲ ਸਿੱਧੂ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਖੂਨ ਦਾਨ ਕਰਨ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨਦਾਨ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਇਹ ਕੈਂਪ ਲਗਵਾਇਆ ਗਿਆ। ਕੈਂਪ ’ਚ ਐੱਨਐੱਸਐੱਸ ਪ੍ਰੋਗਰਾਮ ਅਫਸਰ ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ, ਡਾ. ਸੁਨੀਤਾ ਅਤੇ ਡਾ. ਚਰਨਜੀਵ ਸਰੋਆ ਸਮੇਤ 40 ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਭਾਗ ਲਿਆ ਗਿਆ।