ਸੜਕਾਂ ਦੀ ਸਮੱਗਰੀ ਨੂੰ ਵਧੀਆ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਦੀ ਖੋਜ
ਸੜਕਾਂ ਦੀ ਸਮੱਗਰੀ ਨੂੰ ਵਧੀਆ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਦੀ ਖੋਜ
Publish Date: Sun, 05 Apr 2026 04:31 PM (IST)
Updated Date: Sun, 05 Apr 2026 04:34 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ,• ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿਖੇ ਹੋਈ ਇਕ ਤਾਜ਼ਾ ਖੋਜ ਰਾਹੀਂ ਸੜਕਾਂ ਦੇ ਨਿਰਮਾਣ ਸਮੇਂ ਵਰਤੀ ਜਾਂਦੀ ਸਮੱਗਰੀ ਨੂੰ ਬਿਹਤਰ ਬਣਾਉਣ ਦੇ ਢੰਗ ਲੱਭੇ ਗਏ ਹਨ। ਇਥੋਪੀਆ ਮੂਲ ਦੇ ਖੋਜਾਰਥੀ ਡਾ. ਅਦਿਸੂ ਆਇਲੇ ਜੇਬੋ ਨੇ ਨਿਗਰਾਨ ਡਾ. ਕੁਨਾਲ ਜੈਨ ਦੀ ਅਗਵਾਈ ਵਿਚ ਕੀਤੀ ਖੋਜ ਰਾਹੀਂ ਕਾਲ਼ੀ ਮਿੱਟੀ ਜਾਂ ਭਾਰ ਹੇਠਾਂ ਜ਼ਿਆਦਾ ਦਬਣ ਵਾਲੀ ਮਿੱਟੀ ਵਿਚ ਮਿਲਾਈ ਜਾ ਸਕਣ ਵਾਲੀ ਕੁੱਝ ਅਜਿਹੀ ਵਿਅਰਥ ਸਮਝੀ ਜਾਂਦੀ ਸਮੱਗਰੀ ਬਾਰੇ ਅਹਿਮ ਨੁਕਤੇ ਸਾਹਮਣੇ ਲਿਆਂਦੇ ਹਨ ਜਿਸ ਨਾਲ ਉਸ ਮਿੱਟੀ ਦੀ ਭਾਰ ਚਕਣ ਦੀ ਸਮਰਥਾ ਵਧ ਜਾਂਦੀ ਹੈ। ਡਾ. ਅਦਿਸੂ ਆਇਲੇ ਜੇਬੋ ਨੇ ਦੱਸਿਆ ਕਿ ਇਸ ਖੋਜ ਨੇ ਸੜਕ ਨਿਰਮਾਣ ਤੇ ਮਿੱਟੀ ਦੀ ਮਜ਼ਬੂਤੀ ਦੇ ਖੇਤਰ ਵਿਚ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਕਿ ਕੌਫ਼ੀ ਬੀਨਜ਼ ਤੋਂ ਮਿਲਣ ਵਾਲੀ ਸੁਆਹ, ਝਾਂਵਾਂ ਪੱਥਰ, ਹਲਕਾ ਜਵਾਲਾਮੁਖੀ ਪੱਥਰ ਭਾਵ ਪਿਊਮਸ ਅਤੇ ਕਾਲਾ ਜਵਾਲਾਮੁਖੀ ਮਲਬਾ ਭਾਵ ਸਕਾਰੀਆ ਇਸ ਪੱਖੋਂ ਕਾਰਗਰ ਸਹਾਈ ਸਿੱਧ ਹੋ ਸਕਦੇ ਹਨ। ਕੌਫੀ ਹਸਕ ਐਸ਼ (ਸੀ ਐੱਚ ਏ), ਸਕੋਰੀਆ ਅਤੇ ਪਿਊਮਿਸ ਵਰਗੇ ਬਦਲਵੇਂ ਤੱਤਾਂ ਦੀ ਵਰਤੋਂ ਕਰਕੇ ਕਾਲ਼ੀ ਮਿੱਟੀ ਨੂੰ ਮਜ਼ਬੂਤ ਕਰਨ ਦਾ ਵਿਸਤ੍ਰਿਤ ਅਧਿਐਨ ਕੀਤਾ ਗਿਆ ਜਿਸ ਵਿੱਚੋਂ ਅਹਿਮ ਨੁਕਤੇ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਸੀਐੱਚਏ ਅਤੇ ਸਕੋਰੀਆ ਵਰਗੇ ਪਦਾਰਥ ਮਿੱਟੀ ਵਿਚ ਪੈਂਦੀਆਂ ਤਰੇੜਾਂ ਨੂੰ ਰੋਕਣ ਅਤੇ ਸੜਕਾਂ ਦੀ ਜਕੜਨ ਸਮਰਥਾ (ਇੰਟਰਲੋਕਿੰਗ ਡੈਂਸਟੀ) ਨੂੰ ਵਧਾਉਣ ਵਿੱਚ ਕਾਰਗਰ ਹਨ। ਡਾ. ਕੁਨਾਲ ਜੈਨ ਨੇ ਦੱਸਿਆ ਕਿ ਖੋਜ ਦੌਰਾਨ ਅਨਕਨਫਾਈਂਡ ਕੰਪਰੈਸਿਵ ਸਟ੍ਰੈਂਥ (ਯੂ. ਸੀ. ਐੱਸ.) ਅਤੇ ਕੈਲੀਫੋਰਨੀਆ ਬੇਅਰਿੰਗ ਰੇਸ਼ੋ (ਸੀ. ਬੀ.ਆਰ. ) ਰਾਹੀਂ ਮਿੱਟੀ ਦੇ ਵਿਵਹਾਰ ਵਿਚ ਵੱਡੇ ਸੁਧਾਰ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ਼ ਆਰਥਿਕ ਅਤੇ ਤਕਨੀਕੀ ਤੌਰ ਤੇ ਲਾਭ ਮਿਲੇਗਾ। ਆਈ. ਆਈ. ਟੀ. ਪੇਵ ਸੌਫ਼ਟਵੇਅਰ ਅਤੇ ਇੰਡੀਅਨ ਰੋਡ ਕਾਂਗਰਸ (ਆਈ. ਆਰ. ਸੀ. 2018) ਦੇ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਮਾਡਲਾਂ ਨੇ ਸਾਬਤ ਕੀਤਾ ਕਿ ਇਹ ਸਮੱਗਰੀ ਸੜਕ ਨਿਰਮਾਣ ਲਈ ਤਕਨੀਕੀ ਅਤੇ ਆਰਥਿਕ ਪੱਖੋਂ ਬਿਹਤਰ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਖੋਜਾਰਥੀ ਤੇ ਨਿਗਰਾਨ ਨੂੰ ਇਸ ਖੋਜਾ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਅਜਿਹੀ ਖੋਜ ਨੂੰ ਉਤਸ਼ਾਹਿਤ ਕਰਦੀ ਹੈ ਜੋ ਸਮਾਜ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਪਾ ਸਕੇ। ਉਨ੍ਹਾਂ ਕਿਹਾ ਕਿ ਇਸ ਖੋਜ ਰਾਹੀਂ ਸੜਕ ਨਿਰਮਾਣ ਲਈ ਲੱਭੇ ਗਏ ਸਸਤੇ ਅਤੇ ਟਿਕਾਊ ਬਦਲਾਅ ਇੰਜੀਨੀਅਰਿੰਗ ਦੇ ਖੇਤਰ ਵਿਚ ਇੱਕ ਮੀਲ ਦਾ ਪੱਥਰ ਸਾਬਤ ਹੋਣਗੇ।