ਟੈਕਸੀ ਚਾਲਕ ਖੁਦਕੁਸ਼ੀ ਕਾਂਡ ; 7ਵੇਂ ਦਿਨ ਹੋਇਆ ਮ੍ਰਿਤਕ ਦਾ ਸਸਕਾਰ
ਟੈਕਸੀ ਚਾਲਕ ਖੁਦਕੁਸ਼ੀ ਕਾਂਡ -ਸੱਤਵੇਂ ਦਿਨ ਹੋਇਆ ਮ੍ਰਿਤਕ ਦਾ ਅੰਤਿਮ ਸਸਕਾਰ
Publish Date: Thu, 09 Apr 2026 07:13 PM (IST)
Updated Date: Fri, 10 Apr 2026 04:15 AM (IST)

ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਨੌਕਰੀ ਦਾ ਭਰੋਸਾ, ਵਿੱਤੀ ਮਾਲੀ ਮਦਦ ਵੀ ਕੀਤੀ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਹਾਮਝੇੜੀ ਦੇ ਗਰੀਬ ਪਰਿਵਾਰ ਨਾਲ ਸਬੰਧਤ ਟੈਕਸੀ ਚਾਲਕ ਬਲਜਿੰਦਰ ਸਿੰਘ ਆਤਮ ਹੱਤਿਆ ਮਾਮਲੇ ਵਿੱਚ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪਤਲ ਜਾਖਲ ਰੋਡ ਉੱਤੇ ਲਾਸ਼ ਰੱਖ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਐਕਸ਼ਨ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਲਾਸ਼ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤੇ ਜਾਣ ਦੇ ਐਲਾਨ ਮਗਰੋਂ ਪ੍ਰਸ਼ਾਸਨ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਦੁਪਹਿਰ ਸਮੇਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੋਰਚਾ ਚਲਾ ਰਹੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਦਿੱਤੇ ਭਰੋਸੇ ਮਗਰੋਂ ਦੋਨਾਂ ਧਿਰਾਂ ਵਿਚਕਾਰ ਸਮਝੌਤਾ ਸਿਰੇ ਚੜ ਗਿਆ। ਇਸ ਦੌਰਾਨ ਐਸਡੀਐਮ ਪਾਤੜਾਂ ਕਾਲਾ ਰਾਮ ਅਤੇ ਡੀਐੱਸਪੀ ਪਾਤੜਾਂ ਇੰਦਰਪਾਲ ਚੌਹਾਨ ਅਤੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਤਰਫੋਂ ਮਾਰਕੀਟ ਕਮੇਟੀ ਪਾਥਰਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਵੱਲੋਂ ਮ੍ਰਿਤਕ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਨਗਰ ਕੌਂਸਲ ਪਾਤੜਾਂ ਵਿੱਚ ਨੌਕਰੀ ਦਿੱਤੇ ਜਾਣ ਦਾ ਭਰੋਸਾ ਦੇਣ ਦੇ ਨਾਲ ਨਾਲ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ। ਜਿਸ ਝਗੜੇ ਵਿੱਚ ਪੁਲਿਸ ਵੱਲੋਂ ਪਰਚੇ ਦੇ ਬਣਾਏ ਜਾ ਰਹੇ ਦਬਾਅ ਕਾਰਨ ਬਲਜਿੰਦਰ ਸਿੰਘ ਆਤਮ ਹੱਤਿਆ ਕਰ ਗਿਆ, ਉਸ ਮਾਮਲੇ ਵਿੱਚ ਭਵਿੱਖ ਵਿੱਚ ਮ੍ਰਿਤਕ ਬਲਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਭਰੋਸਾ ਦਵਾਇਆ ਗਿਆ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਖਲ ਪਟਿਆਲਾ ਮੁੱਖ ਮਾਰਗ ਤੋਂ ਧਰਨਾ ਸਮਾਪਤ ਕੀਤਾ ਤੇ ਸ਼ਾਮ 4 ਵਜੇ ਮ੍ਰਿਤਕ ਬਲਜਿੰਦਰ ਸਿੰਘ ਦੀ ਆਤਮਿਕ ਦੇਹ ਦਾ ਸਸਕਾਰ ਕੀਤਾ ਗਿਆ।ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਅਤੇ ਪਿੰਡ ਹਾਮਝੇੜੀ ਦੇ ਸਰਪੰਚ ਜਰਨੈਲ ਜੈਲੀ ਨੇ ਸੱਤ ਦਿਨ ਤੱਕ ਚੱਲੇ ਰੋਸ ਪ੍ਰਦਰਸ਼ਨ ਵਿੱਚ ਸਾਥ ਦੇਣ ਵਾਲੀਆਂ ਸਾਰੀਆਂ ਰਾਜਨੀਤਿਕ,ਧਾਰਮਿਕ, ਸਮਾਜਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਕੇਸ ’ਚ ਰਹਿੰਦਾ ਦੋਸ਼ੀ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ’ਚ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਨਿਰਮਲ ਪੰਨੂ, ਚਰਨਜੀਤ ਭੁੱਲਰ, ਕੁਲਵੰਤ ਸ਼ਰਮਾ, ਵਿਜੇ ਕੁਮਾਰ ਭੋਲਾ, ਭੀਮ ਆਰਮੀ ਤੋਂ ਡਾ ਗੁਰਸੇਵਕ, ਟੈਕਸੀ ਯੂਨੀਅਨ ਪਾਤੜਾਂ ਦੇ ਪ੍ਰਧਾਨ ਸਰਬਜੀਤ ਸਿੰਘ, ਕਾਂਗਰਸ ਸੇਵਾ ਦਲ ਤੋਂ ਰਾਜਾ ਸਰਾਓ, ਰਿੰਕੂ ਦਾਨਵ ਪਾਤੜਾਂ, ਤਰਸੇਮ ਸ਼ਰਮਾ ਸਾਬਕਾ ਸਰਪੰਚ, ਧਨੀਰਾਮ, ਖੁਸ਼ੀ ਹਮਝੜੀ, ਬੀਐਸਪੀ ਤੋਂ ਜੱਗੀ ਪਾਤੜਾਂ, ਮਦਨਪਾਲ ਖਟਕੜ, ਗੁਰਮੇਲ ਸਿੰਘ ਘੱਗਾ, ਗੁਰਜੰਟ ਸਿੰਘ ਦੁਗਾਲ, ਨਿਹੰਗ ਸਿੰਘ ਜਥੇਬੰਦੀਆਂ ਤੋਂ ਗੁਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਹਾਜਰ ਸਨ।