ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਨਾ ਸਰਕਾਰ ਦਾ ਮਕਸਦ : ਗੋਇਲ
ਸ਼ੁਤਰਾਣਾ ਚ 1.45 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਣ
Publish Date: Thu, 09 Apr 2026 07:03 PM (IST)
Updated Date: Fri, 10 Apr 2026 04:14 AM (IST)

ਸ਼ੁਤਰਾਣਾ ਚ 1.45 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਣ ਭਗਵੰਤ ਮਾਨ ਸਰਕਾਰ ਨੇ ਫੜੀ ਹਲਕੇ ਦੇ ਲੋਕਾਂ ਦੀ ਬਾਂਹ : ਕੁਲਵੰਤ ਸਿੰਘ ਬਾਜ਼ੀਗਰ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸ਼ੁਤਰਾਣਾ ਹਲਕੇ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਲ 1.45 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਣ ਕੀਤੇ। ਇਸ ਦੌਰਾਨ ਉਨ੍ਹਾਂ ਹਲਕੇ ਦੇ ਪਿੰਡ ਕੱਲਰ ਭੈਣੀ ਵਿਖੇ 11.87 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਤੋਂ ਸੋਲਰ ਮੋਟਰ ਰਾਹੀ ਸਾਂਝਾ ਜਮੀਨ ਦੋਜ ਨਾਲੀਆਂ ਰਾਹੀਂ ਸਿੰਚਾਈ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ ਨਾਲ ਪਿੰਡ ਸਧਾਰਨਪੁਰ ਵਿਖੇ 1 ਕਰੋੜ 33.20 ਲੱਖ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਨਹਿਰੀ ਮੋਘਾ (10500 ਖੱਬਾ ਪਾਸਾ) ਤੋਂ ਨਵੇਂ ਉਸਾਰੀ ਕੀਤੇ ਜਾਣ ਵਾਲੇ ਸਾਂਝੇ ਜਮੀਨ ਦੋਜ਼ ਨਾਲੀਆਂ ਨਾਲ ਸਿੰਚਾਈ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਹੈ। ਵਿਕਾਸ ਕਾਰਜ ਲੋਕ ਅਰਪਣ ਕਰਨ ਉਪਰੰਤ ਗੱਲਬਾਤ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਇਹਨਾਂ ਪ੍ਰੋਜੈਕਟਾਂ ਨਾਲ ਕਿਸਾਨਾਂ ਦੀ ਫਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਪ੍ਰਤੀਸ਼ਤ ਤੱਕ ਬਚਤ ਵੀ ਹੋਵੇਗੀ। ਉਨ੍ਹਾਂ ਦੁਰਹਾਇਆ ਕਿ ਪਾਣੀ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਅਜਿਹੇ ਪ੍ਰਾਜੈਕਟ ਹਰ ਪਿੰਡ ਵਿੱਚ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਹਤਰ ਤੇ ਲੰਬੇ ਸਮੇ ਦੀਆਂ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਲਈ ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟਾਉਣ ਦੇ ਸੰਕਲਪ ਨੂੰ ਪੂਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨੇਹਾ ਕਿ “ਪਾਣੀ ਦੀ ਬੂੰਦ-ਬੂੰਦ ਬਚਾਅ ਕੇ ਖੇਤਾਂ ਨੂੰ ਲਾਈ ਜਾਵੇਗੀ” ਦਾ ਵਚਨ ਕਿਸਾਨਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਛੱਪੜਾਂ ਦਾ ਅਜਾਈਂ ਜਾਂਦਾ ਪਾਣੀ ਵੀ ਸਿੰਚਾਈ ਲਈ ਵਰਤਿਆ ਜਾਵੇਗਾ ਅਤੇ ਦੂਜੇ ਸੂਬਿਆਂ ਨੂੰ ਜਾਂਦਾ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਕੇ ਪਾਣੀ ਦੇ ਨਾਲ-ਨਾਲ ਪੰਜਾਬ ਨੂੰ ਬਚਾਉਣ ਭਗਵੰਤ ਮਾਨ ਸਰਕਾਰ ਦਾ ਮਕਸਦ ਹੈ। ਪੰਜਾਬ ਸਰਕਾਰ ਨੇ 6700 ਕਰੋੜ ਰੁਪਏ ਖਰਚ ਕੇ ਨਹਿਰੀ ਸਿਸਟਮ ਨੂੰ ਅਪਗ੍ਰੇਡ ਤੇ ਮਜ਼ਬੂਤ ਕਰਕੇ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ। ਜਿੱਥੇ ਧਰਤੀ ਹੇਠਲਾ ਪੀਣ ਵਾਲਾ ਪਾਣੀ ਖਰਾਬ ਹੈ, ਉਥੇ ਨਹਿਰੀ ਪਾਣੀ ਪੀਣ ਲਈ ਦਿੱਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਘੱਗਰ ਸਮੇਤ ਬਾਕੀ ਦਰਿਆਵਾਂ ਦੇ ਹੜ੍ਹ ਤੋਂ ਬਚਾਅ ਲਈ 30 ਜੂਨ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਕੱਲਰ ਭੈਣੀ ਵਿਖੇ ਛੱਪੜ ਤੋਂ ਸੋਲਰ ਮੋਟਰ ਰਾਹੀ ਸਾਂਝਾ ਜਮੀਨ ਦੋਜ ਨਾਲੀਆਂ ਸਿੰਚਾਈ ਦੇ ਪ੍ਰੋਜੈਕਟ ਅਧੀਨ 35.37 (100 ਏਕੜ) ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਗਿਆ ਹੈ, ਜਿਸ ਨਾਲ 24 ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ। ਜਦੋਂ ਕਿ ਪਿੰਡ ਸਧਾਰਨਪੁਰ ਦੇ ਸਿੰਚਾਈ ਪ੍ਰਾਜੈਕਟ ਅਧੀਨ 9 ਕਿਲੋਮੀਟਰ ਪਾਈਪਾਂ ਪਾਕੇ 204 ਹੈਕਟੇਅਰ (600 ਏਕੜ ਰਕਬਾ) ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਗਿਆ ਹੈ, ਜਿਸ ਨਾਲ 41 ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਮੌਕੇ ਪਟਿਆਲਾ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਭੂਮੀ ਪਾਲ ਭੁਪਿੰਦਰ ਸਿੰਘ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਅਰਵਿੰਦਰ ਸਿੰਘ ਕਾਲੜਾ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਗੁਰਸੇਵਕ ਸਿੰਘ ਧਾਲੀਵਾਲ ਅਤੇ ਗੁਰਵਿੰਦਰ ਸਿੰਘ ਸਮੇਤ ਮਹਿੰਗਾ ਸਿੰਘ ਬਰਾੜ, ਮਦਨ ਗੋਇਲ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਥਿੰਦ, ਤੇਜੀ ਬੂਰੜ, ਲਾਡੀ ਕੱਲਰ ਭੈਣੀ, ਜਸਵਿੰਦਰ ਕੌਰ, ਟਹਿਲ ਸਿੰਘ ਸਮੇਤ ਦੋਵਾਂ ਪਿੰਡਾਂ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਸਨੀਕ ਵੀ ਹਾਜ਼ਰ ਸਨ।