ਮੁੱਖ ਮੰਤਰੀ ਦੇ ਬਿਆਨ ਖ਼ਿਲਾਫ਼ ਘਨੌਰ ’ਚ ਮਹਿਲਾਵਾਂ ਨੇ ਕੀਤਾ ਰੋਸ ਵਿਖਾਵਾ
ਮੁੱਖ ਮੰਤਰੀ ਦੇ ਬਿਆਨ ਖ਼ਿਲਾਫ਼ ਘਨੌਰ ਵਿੱਚ ਮਹਿਲਾਵਾਂ ਦਾ ਤਿੱਖਾ ਪ੍ਰਦਰਸ਼ਨ, ਪੁਤਲਾ ਸਾੜ ਕੇ ਕੀਤਾ ਪਿੱਟ ਸਿਆਪਾ
Publish Date: Fri, 13 Mar 2026 06:13 PM (IST)
Updated Date: Fri, 13 Mar 2026 06:15 PM (IST)

ਫੋਟੋ 13ਪੀਟੀਐਲ: 27 ਕਰਮਵੀਰ ਸਿੰਘ, ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਘਨੌਰ ਦੀ ਮੁੱਖ ਸੜਕ ‘ਤੇ ਪਰਮਿੰਦਰ ਕੌਰ ਝਿੰਜਰ, ਪਤਨੀ ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਪ੍ਰਧਾਨ ਅਤੇ ਹਲਕਾ ਇੰਚਾਰਜ ਘਨੌਰ, ਬਲਵਿੰਦਰ ਕੌਰ ਚੀਮਾ ਦੀ ਸਾਂਝੀ ਅਗਵਾਈ ਹੇਠ ਮੁੱਖ ਮੰਤਰੀ ਦੇ ਹਾਲੀਆ ਬਿਆਨ ਦੇ ਵਿਰੋਧ ਵਿਚ ਮਹਿਲਾ ਕਾਰਕੁਨਾਂ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੁੱਸੇ ਵਿਚ ਆਈਆਂ ਮਹਿਲਾਵਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬਲਵਿੰਦਰ ਕੌਰ ਚੀਮਾ ਅਤੇ ਜਸਪਾਲ ਕੌਰ ਬਾਰਨ ਸਮੇਤ ਹੋਰ ਮਹਿਲਾ ਆਗੂਆਂ ਨੇ ਵੀ ਮੁੱਖ ਮੰਤਰੀ ਦੇ ਬਿਆਨ ਦਾ ਤਿੱਖਾ ਵਿਰੋਧ ਕੀਤਾ। ਸਭਾ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਇਹ ਬਿਆਨ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹੈ ਅਤੇ ਇਹ ਇੱਕ ਸੰਕੁਚਿਤ ਤੇ ਪਿੱਛੜੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਪ੍ਰਗਤੀਸ਼ੀਲ ਸੂਬੇ ਦੀ ਅਗਵਾਈ ਕਰਨ ਵਾਲੇ ਵਿਅਕਤੀ ਵੱਲੋਂ ਅਜਿਹੇ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸੂਬੇ ਦਾ ਨੌਜਵਾਨ ਆਪਣੇ ਪ੍ਰਮੁੱਖ ਆਗੂਆਂ ਤੋਂ ਪ੍ਰੇਰਣਾ ਲੈਂਦਾ ਹੈ ਅਤੇ ਜੇਕਰ ਉੱਚ ਅਹੁਦਿਆਂ ’ਤੇ ਬੈਠੇ ਲੋਕ ਹੀ ਇਸ ਤਰ੍ਹਾਂ ਦੀ ਭਾਸ਼ਾ ਵਰਤਣਗੇ ਤਾਂ ਸਮਾਜ ਵਿਚ ਗਲਤ ਸੰਦੇਸ਼ ਜਾਵੇਗਾ। ਮਹਿਲਾ ਆਗੂਆਂ ਨੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਅਤੇ ਮਰਿਆਦਾ ਕਿਸੇ ਵੀ ਸਮਾਜ ਦੀ ਬੁਨਿਆਦ ਹੁੰਦੀ ਹੈ, ਪਰ ਮੌਜੂਦਾ ਸਰਕਾਰ ਦੇ ਬਿਆਨ ਅਤੇ ਰਵੱਈਏ ਇਸ ਗੱਲ ਨੂੰ ਠੇਸ ਪਹੁੰਚਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਮਹਿਲਾਵਾਂ ਨੂੰ ਹਰ ਮਹੀਨੇ 1000 ਦੀ ਆਰਥਿਕ ਸਹਾਇਤਾ ਦੇਣ ਦਾ ਵੱਡਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀ ਬਕਾਇਆ ਰਕਮ ਲਗਭਗ 48,000 ਪ੍ਰਤੀ ਮਹਿਲਾ ਬਣਦੀ ਹੈ, ਜੋ ਤੁਰੰਤ ਦਿੱਤੀ ਜਾਵੇ। ਮਹਿਲਾ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣੀ ਭਾਸ਼ਾ ਅਤੇ ਰਵੱਈਏ ਵਿੱਚ ਸੁਧਾਰ ਨਹੀਂ ਕਰਦੀ ਅਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ, ਜਸਮੇਰ ਸਿੰਘ ਲਾਛੜੂ, ਸੁਖਚੈਨ ਸਿੰਘ ਮਰਦਾਂਪੁਰ ਪੰਚ ਸਮੇਤ ਹੋਰ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਮਹਿਲਾਵਾਂ ਦੇ ਇਸ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ।