ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਹਾਮਝੇੜੀ ਵਾਸੀ ਟੈਕਸੀ ਚਾਲਕ ਨਾਲ ਕੁਝ ਵਿਅਕਤੀਆਂ ਦੀ ਲੜਾਈ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਟੈਕਸੀ ਚਾਲਕ ਨੇ ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਹਾਮਝੇੜੀ ਵਾਸੀ ਟੈਕਸੀ ਚਾਲਕ ਨਾਲ ਕੁਝ ਵਿਅਕਤੀਆਂ ਦੀ ਲੜਾਈ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਟੈਕਸੀ ਚਾਲਕ ਨੇ ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਸੋਸ਼ਲ ਮੀਡੀਆ ਉੱਤੇ ਪਾਈ ਇਸ ਵੀਡੀਓ ਵਿੱਚ ਮ੍ਰਿਤਕ ਨੇ ਹਲਕਾ ਸ਼ੁਤਰਾਣਾ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਅਤੇ ਪੁਲਿਸ ਦੇ ਇੱਕ ਅਧਿਕਾਰੀ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਚਾਰ ਵਿਅਕਤੀਆਂ ਸਮੇਤ ਕੁਝ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬਲਜਿੰਦਰ ਸਿੰਘ ਦੇ ਪੁੱਤਰ ਕ੍ਰਿਸ਼ਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਪਿਤਾ ਨਾਲ ਬੀਤੇ ਦਿਨ ਕੁਝ ਵਿਅਕਤੀਆਂ ਨੇ ਝਗੜਾ ਕੀਤਾ। ਇਸ ਤੋਂ ਬਾਅਦ ਉਹ ਟੈਕਸੀ ਸਟੈਂਡ ‘ਤੇ ਆ ਕੇ ਉਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਲੱਗ ਪਏ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਉਸਨੇ ਦੱਸਿਆ ਕਿ ਮੇਜਰ ਸਿੰਘ ਅਤੇ ਉਸ ਦੇ ਸਾਥੀ ਉਸ ਦੇ ਪਿਤਾ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਦੁਖੀ ਹੋ ਕੇ ਉਸ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਪੀ ਲਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਟੋਹਾਣਾ (ਹਰਿਆਣਾ) ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ।
ਕ੍ਰਿਸ਼ਨ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮਾਮਲੇ ਸਬੰਧੀ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮੇਜਰ ਸਿੰਘ, ਕਰਮਜੀਤ ਸਿੰਘ ਉਰਫ਼ ਪੀਚਾ, ਬੰਟੀ ਵਾਸੀ ਪਾਤੜਾਂ, ਦੀਪਕ ਵਾਸੀ ਸਮਾਣਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਹਲਕਾ ਸ਼ੁਤਰਾਣਾ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਦਾ ਖੰਡਣ ਕਰਦਿਆਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਰਾਜਨੀਤੀ ਤੋਂ ਬਾਹਰ ਹਨ। ਉਹ ਨਾ ਤਾਂ ਮ੍ਰਿਤਕ ਵਿਅਕਤੀ ਨੂੰ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਕਿਸੇ ਨੂੰ ਕੋਈ ਫ਼ੋਨ ਕੀਤਾ ਹੈ। ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਤਹਿਤ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।