Patiala News : ਕੱਚੇ ਮਟਰ ਖਾਣ ਨਾਲ ਵਿਗੜੀ ਤਬੀਅਤ, ਇਲਾਜ ਦੌਰਾਨ ਨਾਬਾਲਗ ਲੜਕੀ ਦੀ ਮੌਤ
ਮਾਮਲੇ ਦੇ ਜਾਂਚ ਅਧਿਕਾਰੀ ਬਾਦਸ਼ਾਹਪੁਰ ਪੁਲਿਸ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪ੍ਰਾਚੀ (16) ਦੀ ਮਾਤਾ ਬਲਜੀਤ ਕੌਰ, ਨਿਵਾਸੀ ਪਿੰਡ ਸਾਧਾਰਨਪੁਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ, ਉਨ੍ਹਾਂ ਦਾ ਪਰਿਵਾਰ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਹੈ।
Publish Date: Mon, 16 Feb 2026 06:50 PM (IST)
Updated Date: Mon, 16 Feb 2026 06:53 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਖੇਤ ਵਿੱਚ ਮਟਰ ਤੋੜਨ ਗਏ ਪਰਿਵਾਰ ਦੀ ਨਾਬਾਲਗ ਲੜਕੀ ਵੱਲੋਂ ਜ਼ਿਆਦਾ ਮਾਤਰਾ ਵਿੱਚ ਕੱਚੇ ਮਟਰ ਖਾ ਲੈਣ ਕਾਰਨ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਬਾਦਸ਼ਾਹਪੁਰ ਪੁਲਿਸ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪ੍ਰਾਚੀ (16) ਦੀ ਮਾਤਾ ਬਲਜੀਤ ਕੌਰ, ਨਿਵਾਸੀ ਪਿੰਡ ਸਾਧਾਰਨਪੁਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ, ਉਨ੍ਹਾਂ ਦਾ ਪਰਿਵਾਰ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਹੈ। 10 ਫਰਵਰੀ ਨੂੰ ਪਰਿਵਾਰ ਅਤੇ ਹੋਰ ਔਰਤਾਂ ਸਮੇਤ ਉਹ ਪਿੰਡ ਦੇ ਖੇਤ ਵਿੱਚ ਮਟਰ ਤੋੜਨ ਗਏ ਸਨ। ਉਨ੍ਹਾਂ ਦੀ ਪੁੱਤਰੀ ਵੀ ਨਾਲ ਗਈ ਸੀ, ਜਿੱਥੇ ਉਸ ਨੇ ਮਟਰ ਤੋੜਦਿਆਂ ਕਾਫ਼ੀ ਮਾਤਰਾ ਵਿੱਚ ਕੱਚੇ ਮਟਰ ਖਾ ਲਏ।
ਪਿਤਾ ਜਸਵੰਤ ਸਿੰਘ ਨੇ ਵੀ ਕੁੱਝ ਕੱਚੇ ਮਟਰ ਖਾਧੇ ਸਨ, ਪਰ ਉਲਟੀ ਆਉਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਠੀਕ ਹੋ ਗਈ। ਪ੍ਰਾਚੀ ਨੂੰ ਉਲਟੀਆਂ ਆਉਣ ਅਤੇ ਤਬੀਅਤ ਜ਼ਿਆਦਾ ਵਿਗੜਨ 'ਤੇ ਪਹਿਲਾਂ ਸਥਾਨਕ ਡਾਕਟਰ ਕੋਲ ਲਿਜਾਇਆ ਗਿਆ। ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਵੀ ਕੋਈ ਸੁਧਾਰ ਨਾ ਹੋਣ 'ਤੇ 15 ਫਰਵਰੀ ਨੂੰ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵੱਲੋਂ ਜਵਾਬ ਮਿਲਣ 'ਤੇ ਜਦੋਂ ਪਰਿਵਾਰ ਉਸ ਨੂੰ ਵਾਪਸ ਘਰ ਲਿਆਇਆ, ਤਾਂ ਰਾਤ ਸਮੇਂ ਹੀ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਅਨੁਸਾਰ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ, ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।