Patiala News : ਸਹੁਰਾ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਇਨਸਾਫ਼ ਲਈ ਪਰਿਵਾਰ ਨੇ ਭਾਖੜਾ ਪੁਲ਼ 'ਤੇ ਲਾਇਆ ਜਾਮ
7 ਸਾਲ ਪਹਿਲਾਂ ਵਿਆਹੀ ਅਤੇ 5 ਸਾਲਾ ਬੇਟੀ ਦੀ ਮਾਂ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ-ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
Publish Date: Thu, 05 Mar 2026 05:52 PM (IST)
Updated Date: Thu, 05 Mar 2026 05:55 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: 7 ਸਾਲ ਪਹਿਲਾਂ ਵਿਆਹੀ ਅਤੇ 5 ਸਾਲਾ ਬੇਟੀ ਦੀ ਮਾਂ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ-ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਪਤੀ, ਸੱਸ, ਸਹੁਰੇ ਅਤੇ ਜਠਾਣੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਮ੍ਰਿਤਕਾ ਦਾ ਪਤੀ ਦਲਜੀਤ ਸਿੰਘ,ਸਹੁਰਾ ਕੁਲਦੀਪ ਸਿੰਘ, ਸੱਸ ਬਲਵਿੰਦਰ ਕੌਰ ਅਤੇ ਜਠਾਣੀ ਜੋਤ ਕੌਰ ਸ਼ਾਮਲ ਹਨ।
ਇਸ ਦੌਰਾਨ 3 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾਂ ਕੀਤੇ ਜਾਣ ਦੇ ਵਿਰੋਧ ਵਿੱਚ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ,ਅਤੇ ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਭਾਖੜਾ ਪੁਲ ’ਤੇ ਧਰਨਾ ਲਗਾ ਕੇ ਸਟੇਟ ਹਾਈਵੇਅ ਦੋਵਾਂ ਪਾਸਿਆਂ ਤੋਂ ਜਾਮ ਕਰ ਦਿੱਤਾ।
ਜਾਂਚ ਅਧਿਕਾਰੀ ਸਿਟੀ ਪੁਲਸ ਮੁੱਖੀ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸ਼ਰਨਜੀਤ ਕੌਰ (26) ਦੇ ਪਿਤਾ ਤਰਸੇਮ ਸਿੰਘ (ਨਿਵਾਸੀ ਡੇਰਾ ਸਹਿਜਪੁਰ ਰੋਡ, ਪਿੰਡ ਸਾਧੂਗੜ੍ਹ) ਅਨੁਸਾਰ ਉਨ੍ਹਾਂ ਨੇ 7 ਸਾਲ ਪਹਿਲਾਂ ਆਪਣੀ ਧੀ ਦਾ ਵਿਆਹ ਦਲਜੀਤ ਸਿੰਘ (ਨਿਵਾਸੀ ਗੁਰੂ ਨਾਨਕ ਮੁਹੱਲਾ, ਸਮਾਣਾ) ਨਾਲ ਕੀਤਾ ਸੀ। ਉਨ੍ਹਾਂ ਦੀ ਇੱਕ 5 ਸਾਲ ਦੀ ਬੇਟੀ ਵੀ ਹੈ।ਪਿਤਾ ਨੇ ਦੋਸ਼ ਲਾਇਆ ਕਿ 2-3 ਸਾਲ ਪਹਿਲਾਂ ਸ਼ਰਨਜੀਤ ਦੇ ਜੇਠ ਦੀ ਕਿਡਨੀ ਖ਼ਰਾਬ ਹੋਣ 'ਤੇ ਸਹੁਰਾ ਪਰਿਵਾਰ ਨੇ ਉਸ ਤੋਂ ਕਿਡਨੀ ਦੀ ਮੰਗ ਕੀਤੀ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਜੇਠ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜਵਾਈ ਦਲਜੀਤ ਸਿੰਘ ਦੇ ਆਪਣੀ ਭਰਜਾਈ ਨਾਲ ਕਥਿਤ ਨਾਜਾਇਜ਼ ਸਬੰਧ ਬਣ ਗਏ, ਜਿਸ ਕਾਰਨ ਸਹੁਰਾ ਪਰਿਵਾਰ ਨੇ ਸ਼ਰਨਜੀਤ ਦੀ ਕੁੱਟਮਾਰ ਕਰਨੀ ਅਤੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਹੁਰਿਆਂ ਦੀ ਰੋਜ਼ਾਨਾ ਦੀ ਕੁੱਟਮਾਰ ਅਤੇ ਤੰਗ-ਪਰੇਸ਼ਾਨੀ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਧੀ ਨੇ 1 ਮਾਰਚ ਦੀ ਰਾਤ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।