ਨਵਨੀਤ ਸਿੰਘ ਪਾਵਰਕਾਮ ਵਿੱਚ ਕੱਚੇ ਲਾਈਨਮੈਨ ਵਜੋਂ ਡਿਊਟੀ ਕਰ ਰਿਹਾ ਸੀ। ਸਾਲ 2024 ਵਿੱਚ ਉਸ ਨੇ ਕੋਮਲਪ੍ਰੀਤ ਕੌਰ ਨਾਲ ਧਾਰਮਿਕ ਸਥਾਨ ’ਤੇ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਲੜਕੀ ਆਪਣੇ ਮਾਪਿਆਂ ਦੇ ਘਰ ਹੀ ਰਹਿ ਰਹੀ ਸੀ। ਜਦੋਂ ਕੁਝ ਸਮਾਂ ਪਹਿਲਾਂ ਪਰਿਵਾਰ ਨੇ ਕੋਮਲਪ੍ਰੀਤ ਦਾ ਵਿਆਹ ਕਿਤੇ ਹੋਰ ਪੱਕਾ ਕਰ ਦਿੱਤਾ, ਤਾਂ ਨਵਨੀਤ ਸਿੰਘ ਨੇ ਸੱਚਾਈ ਦੱਸ ਦਿੱਤੀ।
ਸਟਾਫ ਰਿਪੋਰਟਰ, ਪਟਿਆਲਾ : ਪ੍ਰੇਮ ਵਿਆਹ ਕਰਵਾਉਣ ਤੋਂ ਲੜਕੀ ਦਾ ਪਰਿਵਾਰ ਨਾ ਮੰਨਿਆ ਤੇ ਉਸ ਦਾ ਵਿਆਹ ਹੋਰ ਜਗ੍ਹਾ ਤੈਅ ਕਰ ਦਿੱਤਾ। ਇਸੇ ਗੱਲ ਤੋਂ ਦੁਖੀ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਥਾਣਾ ਪਾਤੜਾਂ ਇਲਾਕੇ ਵਿੱਚ ਇੱਕ ਨੌਜਵਾਨ ਅਤੇ ਲੜਕੀ ਨੇ ਧਾਰਮਿਕ ਸਥਾਨ ’ਤੇ ਜਾ ਕੇ ਪ੍ਰੇਮ ਵਿਆਹ ਕਰਵਾ ਲਿਆ।
ਇਸ ਤੋਂ ਬਾਅਦ ਉਹ ਪਰਿਵਾਰ ਦੀ ਸਹਿਮਤੀ ਦਾ ਇੰਤਜ਼ਾਰ ਕਰਨ ਲੱਗੇ ਪਰ ਲੜਕੀ ਦੇ ਘਰਵਾਲੇ ਨਹੀਂ ਮੰਨੇ। ਇੱਥੋਂ ਤੱਕ ਕਿ ਜਦੋਂ ਲੜਕੀ ਦਾ ਵਿਆਹ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤਾ ਗਿਆ, ਤਾਂ ਨੌਜਵਾਨ ਨੇ ਆਪਣੇ ਵਿਆਹ ਦਾ ਖੁਲਾਸਾ ਕਰ ਦਿੱਤਾ। ਪ੍ਰੇਮ ਵਿਆਹ ਦਾ ਪਤਾ ਲੱਗਣ ਤੋਂ ਬਾਅਦ ਲੜਕੀ ਦਾ ਰਿਸ਼ਤਾ ਤਾਂ ਟੁੱਟ ਗਿਆ, ਪਰ ਲੜਕੀ ਵਾਲੇ ਫਿਰ ਵੀ ਇਸ ਵਿਆਹ ਨੂੰ ਕਬੂਲਣ ਲਈ ਤਿਆਰ ਨਹੀਂ ਹੋਏ।
ਇਸ ਗੱਲ ਤੋਂ ਦੁਖੀ ਹੋ ਕੇ 28 ਸਾਲਾ ਨਵਨੀਤ ਸਿੰਘ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਨਵਨੀਤ ਸਿੰਘ ਦੇ ਹੋਸ਼ ਵਿੱਚ ਰਹਿੰਦਿਆਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਮੇਹਰ ਸਿੰਘ, ਕਿਰਪਾਲ ਸਿੰਘ, ਮੁਖਤਿਆਰ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਜਿਊਣਪੁਰਾ, ਪਾਤੜਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ ਪਾਤੜਾਂ ਦੇ ਇੰਚਾਰਜ ਲਵਦੀਪ ਸੰਧੂ ਨੇ ਦੱਸਿਆ ਕਿ ਅਜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਨਵਨੀਤ ਸਿੰਘ ਪਾਵਰਕਾਮ ਵਿੱਚ ਕੱਚੇ ਲਾਈਨਮੈਨ ਵਜੋਂ ਡਿਊਟੀ ਕਰ ਰਿਹਾ ਸੀ। ਸਾਲ 2024 ਵਿੱਚ ਉਸ ਨੇ ਕੋਮਲਪ੍ਰੀਤ ਕੌਰ ਨਾਲ ਧਾਰਮਿਕ ਸਥਾਨ ’ਤੇ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਲੜਕੀ ਆਪਣੇ ਮਾਪਿਆਂ ਦੇ ਘਰ ਹੀ ਰਹਿ ਰਹੀ ਸੀ। ਜਦੋਂ ਕੁਝ ਸਮਾਂ ਪਹਿਲਾਂ ਪਰਿਵਾਰ ਨੇ ਕੋਮਲਪ੍ਰੀਤ ਦਾ ਵਿਆਹ ਕਿਤੇ ਹੋਰ ਪੱਕਾ ਕਰ ਦਿੱਤਾ, ਤਾਂ ਨਵਨੀਤ ਸਿੰਘ ਨੇ ਸੱਚਾਈ ਦੱਸ ਦਿੱਤੀ।
ਦੋਸ਼ ਹੈ ਕਿ ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਨਵਨੀਤ ਸਿੰਘ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਵਿਆਹ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਚੁੱਪ ਨਾ ਰਿਹਾ ਤਾਂ ਉਸ ਨੂੰ ਪੁਲਿਸ ਕੇਸ ਵਿੱਚ ਫਸਾ ਦਿੱਤਾ ਜਾਵੇਗਾ ਕਿ ਉਸ ਨੇ ਲੜਕੀ ਨੂੰ ਗੁੰਮਰਾਹ ਕਰਕੇ ਵਿਆਹ ਕੀਤਾ ਹੈ। 23 ਜਨਵਰੀ ਨੂੰ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਨਵਨੀਤ ਸਿੰਘ ਨੇ ਜ਼ਹਿਰ ਪੀ ਲਿਆ। ਪੁਲਿਸ ਨੇ ਉਸੇ ਦਿਨ ਉਸ ਦੇ ਬਿਆਨ ਦਰਜ ਕੀਤੇ। ਤਿੰਨ ਫਰਵਰੀ ਨੂੰ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਨਵਨੀਤ ਸਿੰਘ ਦੀ ਮੌਤ ਹੋ ਗਈ। ਨਵਨੀਤ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਤੁਰੰਤ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।