- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਨੂੰ ਲੈ ਕੇ ਦਾਦੂਵਾਲ ਵੱਲੋਂ ਜਿੱਥੇ ਸੋਸ਼ਲ ਮੀਡੀਆ ਪੇਜ 'ਤੇ ਵੀਡੀਓ ਪਾ ਕੇ ਸੰਗਤਾਂ ਨੂੰ ਫੈਸਲਾ ਕਰਨ ਦੀ ਅਪੀਲ ਕੀਤੀ ਹੈ ਉੱਥੇ ਦੇਰ ਸ਼ਾਮ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪੁਲਿਸ ਚੌਕੀ ਗੁਲਜਾਰਪੁਰ ਠਰੂਆ ਵਿਖੇ ਦਰਖਾਸਤ ਦੇ ਕੇ ਦਾਦੂਵਾਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵਾਂ ਧੜਿਆਂ ਵਿਚਕਾਰ ਬਣੇ ਤਣਾਅ ਨੇ ਸਿੱਖ ਹਲਕਿਆਂ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਸ਼ੇਰਗੜ੍ਹ ਵਿਖੇ ਇੱਕ ਸ਼ੋਕ ਸਮਾਗਮ ਦੌਰਾਨ ਆਪਸ ਵਿੱਚ ਉਲਝ ਗਏ। ਚੱਲਦੀ ਸਟੇਜ 'ਤੇ ਆਪਣੇ ਸੰਬੋਧਨ ਦੌਰਾਨ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਵਿੱਚ ਹਾਜ਼ਰ ਆਗੂਆਂ ਦੇ ਨਾਮ ਸਟੇਜ ਤੋਂ ਬੋਲੇ ਗਏ ਪਰ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਨਾਮ ਨਾ ਲੈਣ ਕਰਕੇ ਹੋਈ ਤਲਖ ਕਲਾਮੀ ਮਗਰੋਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ।
ਘਟਨਾ ਨੂੰ ਲੈ ਕੇ ਦਾਦੂਵਾਲ ਵੱਲੋਂ ਜਿੱਥੇ ਸੋਸ਼ਲ ਮੀਡੀਆ ਪੇਜ 'ਤੇ ਵੀਡੀਓ ਪਾ ਕੇ ਸੰਗਤਾਂ ਨੂੰ ਫੈਸਲਾ ਕਰਨ ਦੀ ਅਪੀਲ ਕੀਤੀ ਹੈ ਉੱਥੇ ਦੇਰ ਸ਼ਾਮ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪੁਲਿਸ ਚੌਕੀ ਗੁਲਜਾਰਪੁਰ ਠਰੂਆ ਵਿਖੇ ਦਰਖਾਸਤ ਦੇ ਕੇ ਦਾਦੂਵਾਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵਾਂ ਧੜਿਆਂ ਵਿਚਕਾਰ ਬਣੇ ਤਣਾਅ ਨੇ ਸਿੱਖ ਹਲਕਿਆਂ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।
ਪੁਲਿਸ ਚੌਕੀ ਗੁਲਜਾਰਪੁਰਾ ਠਰੂਆ ਵਿਖੇ ਸਮਰਥਕਾਂ ਸਮੇਤ ਪੁੱਜੇ ਐਚਜੀਪੀਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਝੀਂਡਾ ਨੇ ਦੱਸਿਆ ਕਿ ਉਹ ਪਿੰਡ ਸ਼ੇਰਗੜ੍ਹ ਵਿੱਚ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ, ਜਿੱਥੇ ਦਾਦੂਵਾਲ ਵੱਲੋਂ ਸ਼ਰਧਾਂਜਲੀ ਦੌਰਾਨ ਵੀ ਅਪਸ਼ਬਦ ਬੋਲੇ ਗਏ।
ਉਨ੍ਹਾਂ ਨੇ ਆਰੋਪ ਲਗਾਇਆ ਕਿ ਸਮਾਗਮ ਤੋਂ ਬਾਅਦ ਜਦੋਂ ਉਹ ਵਾਪਸ ਹਰਿਆਣਾ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਦਾਦੂਵਾਲ ਵੱਲੋਂ ਰੈਕੀ ਕਰਵਾ ਕੇ ਹਮਲੇ ਦੀ ਯੋਜਨਾ ਬਣਾਈ ਗਈ। ਝੀਂਡਾ ਨੇ ਦੋਸ਼ ਲਗਾਇਆ ਹੈ ਕਿ ਦਾਦੂਵਾਲ ਨੇ ਆਪਣੇ ਅੰਗ ਰੱਖਿਅਕਾਂ ਨੂੰ ਉਨ੍ਹਾਂ ‘ਤੇ ਗੋਲ਼ੀ ਚਲਾਉਣ ਲਈ ਉਕਸਾਇਆ, ਪਰ ਉਨ੍ਹਾਂ ਦੇ ਸਿਕਿਉਰਟੀ ਗਾਰਡ ਨੇ ਅੱਗੇ ਆ ਕੇ ਉਨ੍ਹਾਂ ਦੀ ਜਾਨ ਬਚਾਈ। ਝੀਂਡਾ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਉਨ੍ਹਾਂ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਜਾਨ ਦਾ ਖਤਰਾ ਦੱਸਿਆ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਝੀਂਡਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਉਹ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਉਸ ਸਮੇਂ ਝੀਂਡਾ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂਤਾ ਗੱਦੀ ਦਿਵਸ ਮੌਕੇ ਚਲਦੇ ਸਮਾਗਮ ਦੌਰਾਨ ਵੀ ਝੀਂਡਾ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਬੋਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਅਤੇ ਸ਼ਰਧਾਂਜਲੀ ਸਮਾਰੋਹ ਦੌਰਾਨ ਵੀ ਗੁਰੂ ਦੀ ਹਜ਼ੂਰੀ ਵਿੱਚ ਅਪ ਸ਼ਬਦ ਬੋਲ ਕੇ ਝੀਂਡਾ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਜਗਦੀਸ਼ ਸਿੰਘ ਝੀੰਡਾ ਖ਼ਿਲਾਫ ਬੇਅਦਬੀ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਜਾ ਰਹੇ ਹਨ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ
ਮਾਮਲੇ ਸਬੰਧੀ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਵਿਖੇ ਦੋਵਾਂ ਧਿਰਾਂ ਦਰਮਿਆਨ ਮਾਮੂਲੀ ਰਾਜਸੀ ਤਲਖ ਕਲਾਮੀ ਹੋਈ ਸੀ। ਉਪਰੰਤ ਦੋਵਾਂ ਧਿਰਾਂ ਵੱਲੋਂ ਪੁਲਿਸ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਹਨ। ਜਗਦੀਸ਼ ਸਿੰਘ ਝੀਂਡਾ ਅਤੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਦੀ ਬਾਰੀਕੀ ਨਾਲ ਪੜਤਾਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।