ਮੰਗਲਵਾਰ ਨੂੰ ਭਵਾਨੀਗੜ੍ਹ ਸੜਕ ਤੇ ਵਿਸ਼ਾਲ ਕੰਬਾਇਨ ਦੇ ਨਜ਼ਦੀਕ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਟਕਾ ਸਹਿਬ ਦੇ ਅੰਗਾਂ ਨੂੰ ਖੰਡਤ ਕਰਕੇ ਸੜਕ ਕਿਨਾਰੇ ਸੁਟਣ ਦੇ ਮਾਮਲੇ ਨੂੰ ਪੁਲਿਸ ਵੱਲੋਂ 12 ਘੰਟਿਆਂ ’ਚ ਟਰੇਸ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਭਾਰਤ ਭੂਸ਼ਣ ਗੋਇਲ•, ਪੰਜਾਬੀ ਜਾਗਰਣ, ਸਮਾਣਾ : ਮੰਗਲਵਾਰ ਨੂੰ ਭਵਾਨੀਗੜ੍ਹ ਸੜਕ ਤੇ ਵਿਸ਼ਾਲ ਕੰਬਾਇਨ ਦੇ ਨਜ਼ਦੀਕ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਟਕਾ ਸਹਿਬ ਦੇ ਅੰਗਾਂ ਨੂੰ ਖੰਡਤ ਕਰਕੇ ਸੜਕ ਕਿਨਾਰੇ ਸੁਟਣ ਦੇ ਮਾਮਲੇ ਨੂੰ ਪੁਲਿਸ ਵੱਲੋਂ 12 ਘੰਟਿਆਂ ’ਚ ਟਰੇਸ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਸੀਆਈਏ ਸਟਾਫ ਸਮਾਣਾ ਵਿਖੇ ਗੱਲਬਾਤ ਕਰਦਿਆਂ ਪੁਲਿਸ ਕਪਤਾਨ ਗੁਰਬੰਸ ਸਿੰਘ ਬੈਂਸ (ਇਨਵੈਂ), ਡੀਐਸਪੀ ਫਤਿਹ ਸਿੰਘ ਬਰਾੜ, ਡੀਐੱਸਪੀ ਗੁਰਵੀਰ ਸਿੰਘ ਬਰਾੜ ਸਾਈਬਰ ਕਰਾਇਮ ਨੇ ਦੱਸਿਆ ਕਿ ਬੀਤੇ ਮੰਗਲਵਾਰ ਸਵੇਰ ਸਮੇਂ ਸਮਾਣਾ ਭਵਾਨੀਗੜ੍ਹ ਰੋਡ ’ਤੇ ਸਥਿਤ ਵਿਸ਼ਾਲ ਕੰਬਾਇਨ ਦੇ ਨਜ਼ਦੀਕ ਤੋਂ ਸ੍ਰੀ ਗੁਟਕਾ ਸਾਹਿਬ ਦੇ ਪਾੜਕੇ ਸੁੱਟੇ ਗਏ ਅੰਗ ਮਿਲਣ ’ਤੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ, ਜਿਸ ਦੇ ਚੱਲਦਿਆਂ ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਕੁਲਵੰਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਪਾਇਆ ਗਿਆ ਕਿ ਇਕ ਈ- ਰਿਕਸ਼ਾ ਜਿਸ ’ਚ ਸਕੂਲੀ ਬੱਚੇ ਸਵਾਰ ਸਨ ਜੋ ਸਹਿਜਪੁਰਾ ਚੌਕ ਵੱਲੋਂ ਆਉਂਦਾ ਹੋਇਆ ਪਇਆ ਗਿਆ ’ਤੇ ਸੁਭਮ ਨਾਮ ਦੇ ਵਿਅਕਤੀ ਦੀ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਆ ਕੇ ਰੁਕਦਾ ਹੈ ਜਿਸਦੇ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੇ ਇਕ ਛੋਟੇ ਬੱਚੇ ਨੇ ਆਪਣੀ ਜੇਬ ’ਚੋਂ ਕੁਝ ਪੇਪਰ ਕੱਢ ਕੇ ਜ਼ਮੀਨ ’ਤੇ ਸੁੱਟ ਦਿੱਤੇ ਜਾਂਦੇ ਹਨ ਜੋ ਬਾਅਦ ਵਿਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਹੋਣੇ ਪਾਏ ਗਏ ਸਨ।
ਪੁਲਿਸ ਨੇ ਈ-ਰਿਕਸ਼ਾ ਦੇ ਡਰਾਈਵਰ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਸ ਨਾਲ ਈ-ਰਿਕਸ਼ਾ ਵਿਚ ਇਕ ਸਕੂਲੀ ਬੱਚਾ (4) ਸਾਲ ਬੈਠਾ ਸੀ ਜਦੋਂ ਈ-ਰਿਕਸ਼ਾ ਕਰਿਆਨੇ ਦੀ ਦੁਕਾਨ ਦੇ ਨਜ਼ਦੀਕ ਪਹੁੰਚਿਆ ਤਾਂ ਬੱਚੇ ਨੇ ਆਪਣੀ ਜੇਬ ’ਚੋਂ ਕੁੱਝ ਕਾਗਜ਼ ਦੇ ਟੁੱਕੜੇ ਕੱਢ ਕੇ ਸੁੱਟ ਦਿੱਤੇ। ਪੁਲਿਸ ਵੱਲੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਜਦੋਂ ਬੱਚੇ ਨੂੰ ਪੁੱਛਿਆ ਗਿਆ ਤਾਂ ਬੱਚੇ ਨੇ ਦੱਸਿਆ ਕਿ ਉਸ ਨੂੰ ਬਿਨਾਂ ਜਿਲਦ ਤੋਂ ਇਕ ਡਾਇਰੀ ਮਿਲੀ ਸੀ, ਜਿਸ ਨੂੰ ਉਸ ਨੇ ਚੁੱਕ ਕੇ ਆਪਣੀ ਜੇਬ ਵਿਚ ਪਾ ਲਿਆ ਸੀ ਤੇ ਆਣਜਾਣੇ ’ਚ ਕਰਿਆਣਾ ਸਟੋਰ ਦੇ ਨੇੜੇ ਪਹੁੰਚ ਕੇ ਡਾਇਰੀ ’ਚੋਂ ਕੁਝ ਪੇਜ ਪਾੜ ਕੇ ਸੜਕ ’ਤੇ ਸੁੱਟ ਦਿੱਤੇ ਸਨ ਅਤੇ ਕੁਝ ਪੇਜ ਆਪਣੀ ਜੇਬ ’ਚ ਪਾ ਲਏ ਸਨ ਜਿਸ ਬਾਰੇ ਉਸ ਬੱਚੇ ਨੂੰ ਪਤਾ ਨਹੀ ਸੀ ਕਿ ਇਹ ਸ੍ਰੀ ਗੁਟਕਾ ਸਾਹਿਬ ਦੇ ਅੰਗ ਹਨ। ਇਸ ਮੌਕੇ ਸੀਆਈਏ ਇੰਚਾਰਜ ਇੰਸਪੈਕਟਰ ਅੰਕੁਰਦੀਪ ਸਿੰਘ, ਸਦਰ ਥਾਣਾ ਮੁਖੀ ਅਜੇ ਪਰੋਚਾ, ਸਿਟੀ ਥਾਣਾ ਮੁਖੀ ਬਲਜੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।