ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਮੰਗਲਵਾਰ ਨੂੰ ਪਿੰਡ ਸ਼ੇਰਗੜ੍ਹ ਵਿਖੇ ਆਪ ਆਗੂ ਜਸਵਿੰਦਰ ਸਿੰਘ ਦੇ ਮਾਤਾ ਦੇ ਭੋਗ ਸਮਾਰੋਹ ਦੌਰਾਨ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀੰਡਾ ਵਿਚਕਾਰ ਰਾਜਸੀ ਤਲਖੀ ਹੋਈ ਸੀ।
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀੰਡਾ ਅਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਵਿਖੇ ਇੱਕ ਸ਼ੋਕ ਸਮਾਗਮ ਦੌਰਾਨ ਹੋਈ ਤਲਖੀ ਦੇ ਮਾਮਲੇ ਵਿੱਚ ਪੁਲਿਸ ਨੇ ਝੀਡਾ ਦੇ ਬਿਆਨਾਂ ਦੇ ਆਧਰ ਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਉਨਾਂ ਦੇ ਸਮਰਥਕਾਂ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ।
ਮੰਗਲਵਾਰ ਦੇਰ ਸ਼ਾਮ ਝੀਂਡਾ ਵੱਲੋਂ ਪੁਲਿਸ ਚੌਕੀ ਗੁਲਜਾਰਪੁਰਾ ਠਰੂਆ ਵਿਖੇ ਪਹੁੰਚ ਕੇ ਦਿੱਤੀ ਗਈ ਦਰਖਾਸਤ ਅਤੇ ਦਾਦੂਵਾਲ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਮਗਰੋਂ ਮਾਮਲਾ ਚਰਚਾ ਵਿੱਚ ਆਇਆ ਸੀ। ਇਸ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਝੀਂਡਾ ਸਮਰਥਕਾਂ ਵੱਲੋਂ ਕੈੱਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਮੀਟਿੰਗ ਕਰਨ ਉਪਰੰਤ ਝੀਂਡਾ ਨੇ ਆਰਜੀ ਪੁਲਿਸ ਥਾਣਾ ਸ਼ੁਤਰਾਣਾ ਵਿਖੇ ਪੁੱਜ ਕੇ ਕਾਰਵਾਈ ਦੀ ਮੰਗ ਕੀਤੀ ਗਈ। ਦੂਜੇ ਪਾਸੇ ਮਾਮਲੇ ਵਿੱਚ ਉਸ ਸਮੇਂ ਹੋਰ ਮੋੜ ਆ ਗਿਆ ਜਦੋਂ ਪਿੰਡ ਬੂਰੜ ਵਾਸੀ ਤਜਿੰਦਰ ਸਿੰਘ ਤੇਜੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਪਸ਼ਬਦ ਬੋਲਣ ਸਬੰਧੀ ਪੁਲਿਸ ਥਾਣਾ ਸ਼ੁਤਰਾਣਾ ਵਿਖੇ ਦਰਖਾਸਤ ਦੇ ਕੇ ਜਗਦੀਸ਼ ਸਿੰਘ ਝੀੰਡਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਮੰਗਲਵਾਰ ਨੂੰ ਪਿੰਡ ਸ਼ੇਰਗੜ੍ਹ ਵਿਖੇ ਆਪ ਆਗੂ ਜਸਵਿੰਦਰ ਸਿੰਘ ਦੇ ਮਾਤਾ ਦੇ ਭੋਗ ਸਮਾਰੋਹ ਦੌਰਾਨ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀੰਡਾ ਵਿਚਕਾਰ ਰਾਜਸੀ ਤਲਖੀ ਹੋਈ ਸੀ। ਇਸ ਸਬੰਧੀ ਜਗਦੀਸ਼ ਸਿੰਘ ਝੀਂਡਾ ਵੱਲੋਂ ਦਿੱਤੀ ਗਈ ਦਰਖਾਸਤ ਉੱਤੇ ਪਾਤੜਾਂ ਪੁਲਿਸ ਵੱਲੋਂ ਜਗਦੀਸ਼ ਸਿੰਘ ਝੀਂਡਾ ਦੇ ਬਿਆਨਾਂ ਦੇ ਆਧਾਰ ਉੱਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਸੱਤ ਅੱਠ ਅਣਪਛਾਤੇ ਸਮਰਥਕਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ। ਉਹਨਾਂ ਤਜਿੰਦਰ ਸਿੰਘ ਤੇਜੀ ਵੱਲੋਂ ਜਗਦੀਸ਼ ਸਿੰਘ ਝੀਂਡਾ ਖ਼ਿਲਾਫ਼ ਦਿੱਤੀ ਗਈ ਦਰਖਾਸਤ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਜਗਦੀਸ਼ ਸਿੰਘ ਝੀਂਡਾ ਨੇ ਆਰੋਪ ਲਗਾਇਆ ਹੈ ਕਿ ਸਮਾਗਮ ਤੋਂ ਬਾਅਦ ਜਦੋਂ ਉਹ ਵਾਪਸ ਹਰਿਆਣਾ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਦਾਦੂਵਾਲ ਵੱਲੋਂ ਰੈਕੀ ਕਰਵਾ ਕੇ ਹਮਲੇ ਦੀ ਯੋਜਨਾ ਬਣਾਈ ਗਈ। ਝੀਡਾ ਨੇ ਦੋਸ਼ ਲਗਾਇਆ ਕਿ ਦਾਦੂਵਾਲ ਨੇ ਆਪਣੇ ਅੰਗ ਰੱਖ ਕੇ ਨੂੰ ਉਹਨਾਂ ਤੇ ਗੋਲੀ ਚਲਾਉਣ ਲਈ ਉਕਸਾਇਆ ਪਰ ਉਹਨਾਂ ਦੇ ਸਿਕਿਓਰਟੀ ਗਾਰਡ ਨੇ ਅੱਗੇ ਆ ਕੇ ਉਹਨਾਂ ਦੀ ਜਾਨ ਬਚਾਈ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਝੀਡਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਝੀੰਡਾ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂਤਾ ਗੱਦੀ ਦਿਵਸ ਮੌਕੇ ਚਲਦੇ ਸਮਾਗਮ ਦੌਰਾਨ ਝੀਡਾ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਬੋਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਸੀ। ਸ਼ਰਧਾਂਜਲੀ ਸਮਾਰੋਹ ਦੌਰਾਨ ਵੀ ਗੁਰੂ ਦੀ ਹਜ਼ੂਰੀ ਵਿੱਚ ਅਪਸ਼ਬਦ ਬੋਲ ਕੇ ਝੀਡਾ ਨੇ ਮਰਿਆਦਾ ਦੀ ਉਲੰਘਣਾ ਕੀਤੀ ਜੋ ਸਿੱਧੀ ਸਿੱਧੀ ਗੁਰੂ ਸਾਹਿਬ ਦੀ ਬੇਅਦਬੀ ਹੈ।