- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਸਗੋਂ ਇਨ੍ਹਾਂ ਲੋਕਾਂ ਨੇ ਖੁਦ ਨੂੰ ਸੱਟਾਂ ਪਹੁੰਚਾਈਆਂ ਹਨ। ਇਹ ਲੋਕ ਸਿਲੰਡਰ ਨੂੰ ਅੱਗ ਲਾਉਣ ਵਾਲੇ ਸਨ, ਜਿਨ੍ਹਾਂ ਨੂੰ ਰੋਕਦੇ ਸਮੇਂ ਪੁਲਿਸ ਦਾ ਹੱਥ ਲੱਗਿਆ ਸੀ। ਫਿਲਹਾਲ ਇਸ ਸਬੰਧੀ ਦੋ ਔਰਤਾਂ ਸਮੇਤ 3 ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਰਬਨ ਅਸਟੇਟ ਫੇਜ਼-2 ’ਚ ਗੁਆਂਢੀਆਂ ਦੇ ਝਗੜੇ ਦੀ ਸੂਚਨਾ ਤੋਂ ਬਾਅਦ ਮੌਕੇ ’ਤੇ ਗਈ ਪੁਲਿਸ ਟੀਮ ’ਚ ਸ਼ਾਮਲ ਇੱਕ ਕਾਂਸਟੇਬਲ ਦੇ ਸਿਰ ’ਚ ਕੁੱਕਰ ਮਾਰ ਦਿੱਤਾ ਗਿਆ। ਮੁਲਾਜ਼ਮ ਦਾ ਬਚਾਅ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ ਦੀ ਉਥੇ ਮੌਜੂਦ ਔਰਤਾਂ ਨਾਲ ਵੀ ਝੜਪ ਹੋ ਗਈ। ਇਸ ਤੋਂ ਬਾਅਦ ਔਰਤਾਂ ਨੇ ਪੁਲਿਸ ਵਲੋਂ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ਲਾਉਂਦੇ ਹੋਏ ਵੀਡੀਓ ਵਾਇਰਲ ਕਰ ਦਿੱਤੀ।
ਇਹ ਘਟਨਾ ਸੋਮਵਾਰ ਰਾਤ 8 ਵਜੇ ਦੇ ਕਰੀਬ ਦੀ ਹੈ। ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਸਗੋਂ ਇਨ੍ਹਾਂ ਲੋਕਾਂ ਨੇ ਖੁਦ ਨੂੰ ਸੱਟਾਂ ਪਹੁੰਚਾਈਆਂ ਹਨ। ਇਹ ਲੋਕ ਸਿਲੰਡਰ ਨੂੰ ਅੱਗ ਲਾਉਣ ਵਾਲੇ ਸਨ, ਜਿਨ੍ਹਾਂ ਨੂੰ ਰੋਕਦੇ ਸਮੇਂ ਪੁਲਿਸ ਦਾ ਹੱਥ ਲੱਗਿਆ ਸੀ। ਫਿਲਹਾਲ ਇਸ ਸਬੰਧੀ ਦੋ ਔਰਤਾਂ ਸਮੇਤ 3 ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਗੁਆਂਢੀ ਰਾਜ ਕੁਮਾਰ ਦੇ ਬਿਆਨਾਂ ’ਤੇ ਇਕਬਾਲ, ਇਕਬਾਲ ਦੀ ਪਤਨੀ ਤੇ ਇਕ ਹੋਰ ਔਰਤ ਵਿਰੁੱਧ ਦਰਜ ਕੀਤਾ ਗਿਆ ਹੈ ਤੇ ਮੰਗਲਵਾਰ ਨੂੰ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਗੁਆਂਢੀਆਂ ਦੇ ਝਗੜੇ ਦੀ ਸ਼ਿਕਾਇਤ ਤੋਂ ਬਾਅਦ ਪਹੁੰਚੀ ਸੀ ਪੁਲਿਸ
ਘਟਨਾ ਅਨੁਸਾਰ ਅਰਬਨ ਅਸਟੇਟ ਫੇਜ਼-2 ਸਥਿਤ ਰਾਧਾ ਕ੍ਰਿਸ਼ਨ ਮੰਦਰ ਦੇ ਪਿਛਲੇ ਪਾਸੇ ਚਿੱਟੇ ਕੁਆਰਟਰ ਬਣੇ ਹੋਏ ਹਨ। ਇਨ੍ਹਾਂ ਕੁਆਰਟਰਾਂ ’ਚ ਇਕਬਾਲ ਦਾ ਪਰਿਵਾਰ ਤੇ ਇੱਕ ਔਰਤ ਰਹਿੰਦੀ ਹੈ। ਇਨ੍ਹਾਂ ਦੇ ਕੁਆਰਟਰ ਦੇ ਸਾਹਮਣੇ ਪੰਜਾਬ ਪੁਲਿਸ ਦੇ ਤਕਨੀਕੀ ਵਿੰਗ ਦੇ ਸਬ-ਇੰਸਪੈਕਟਰ ਦਾ ਘਰ ਹੈ, ਜਿਨ੍ਹਾਂ ਦੇ ਬਜ਼ੁਰਗ ਪਿਤਾ ਰਾਜ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਰਾਜ ਕੁਮਾਰ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਉਕਤ ਲੋਕ ਅਕਸਰ ਦੇਰ ਰਾਤ ਸ਼ਰਾਬ ਪੀ ਕੇ ਹੰਗਾਮਾ ਤੇ ਗਾਲੀ-ਗਲੋਚ ਕਰਦੇ ਹਨ।ਇੰਨਾ ਹੀ ਨਹੀਂ ਉਹ ਘਰ ਦੇ ਸਾਹਮਣੇ ਗੰਦਗੀ ਫੈਲਾਉਂਦੇ ਰਹਿੰਦੇ ਹਨ।
ਸੋਮਵਾਰ ਸ਼ਾਮ ਨੂੰ ਉਕਤ ਔਰਤਾਂ ਘਰ ਦੇ ਬਾਹਰ ਬੈਠੀਆਂ ਸਨ, ਜਿੱਥੇ ਰਾਜ ਕੁਮਾਰ ਦਾ ਇਨ੍ਹਾਂ ਨਾਲ ਗੰਦਗੀ ਫੈਲਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਔਰਤਾਂ ਨੇ ਬਹਿਸ ਕਰਦੇ ਹੋਏ ਕਾਂਸਟੇਬਲ ਗੁਰਪ੍ਰੀਤ ਸਿੰਘ ’ਤੇ ਗਰਮ ਕੁੱਕਰ ਨਾਲ ਹਮਲਾ ਕਰ ਦਿੱਤਾ। ਸਿਰ ’ਤੇ ਕੁੱਕਰ ਲੱਗਣ ਕਾਰਨ ਗੁਰਪ੍ਰੀਤ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਦੂਜੇ ਮੁਲਾਜ਼ਮਾਂ ਨੇ ਬਚਾਅ ਦੀ ਕੋਸ਼ਿਸ਼ ਕੀਤੀ। ਇੰਟਰਨੈੱਟ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਰਾਜ ਕੁਮਾਰ ਦੇ ਬਿਆਨਾਂ ’ਤੇ ਇਕਬਾਲ, ਉਸ ਦੀ ਪਤਨੀ ਤੇ ਇਕ ਹੋਰ ਨੇਪਾਲੀ ਔਰਤ ’ਤੇ ਐੱਫਆਈਆਰ ਦਰਜ ਕੀਤੀ, ਜਿਸ ’ਚ ਪੁਲਿਸ 'ਤੇ ਹਮਲਾ ਕਰਨ ਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ।
ਔਰਤਾਂ ਨੇ ਪੁਲਿਸ 'ਤੇ ਲਾਏ ਦੋਸ਼
ਇਕਬਾਲ ਦੀ ਪਤਨੀ ਪ੍ਰਿਯੰਕਾ ਨੇ ਦੱਸਿਆ ਕਿ ਉਹ ਪਿਆਜ ਕੱਟ ਰਹੇ ਸਨ, ਜਿੱਥੇ ਰਾਜ ਕੁਮਾਰ ਨੇ ਆ ਕੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਤਰਾਜ਼ ਕਰਨ 'ਤੇ ਬਹਿਸ ਤੋਂ ਬਾਅਦ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਗਈ, ਜਦੋਂ ਪੁਲਿਸ ਮੁਲਾਜ਼ਮ ਮੌਕੇ ’ਤੇ ਆਏ ਤਾਂ ਉਨ੍ਹਾਂ ਨੇ ਸਾਡੇ ਨਾਲ ਵਧੀਕੀ ਕਰਦੇ ਹੋਏ ਗਾਲੀ-ਗਲੋਚ ਕੀਤਾ। ਅਸੀਂ ਪੁਲਿਸ ਨੂੰ ਇੰਨਾ ਹੀ ਕਿਹਾ ਸੀ ਕਿ ਮਹਿਲਾ ਪੁਲਿਸ ਬੁਲਾਓ। ਇਹ ਸੁਣਦੇ ਹੀ ਪੁਲਿਸ ਨੇ ਥੱਪੜ ਮਾਰੇ ਤੇ ਕੱਪੜੇ ਪਾੜ ਦਿੱਤੇ, ਘਰ ’ਚ ਛੋਟੇ ਬੱਚੇ ਸਨ। ਉੱਥੇ ਹੀ ਨੇਪਾਲੀ ਔਰਤ ਅੰਜੂ ਗਿਰੀ ਨੇ ਵੀ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਕੱਪੜੇ ਪਾੜੇ ਤੇ ਕੁੱਟਮਾਰ ਕੀਤੀ।