Patiala Crime : ਰੌਂਗਲਾ 'ਚ ਕੁੱਟਮਾਰ ਦਾ ਸ਼ਿਕਾਰ ਬਜ਼ੁਰਗ ਮਹਿਲਾ ਦੀ ਮੌਤ, ਪਰਿਵਾਰ ਨੇ ਸਰਪੰਚ 'ਤੇ ਲਾਏ ਦੋਸ਼
ਥਾਣਾ ਤ੍ਰਿਪੜੀ ਦੇ ਅਧੀਨ ਆਉਂਦੇ ਪਿੰਡ ਰੌਂਗਲਾ ਵਿੱਚ 58 ਸਾਲਾ ਬਜ਼ੁਰਗ ਬਲਜੀਤ ਕੌਰ ਦੀ ਕੁੱਟਮਾਰ ਕੀਤੀ ਗਈ। ਬਲਜੀਤ ਕੌਰ ਨਾਲ ਵੀਰਵਾਰ ਸਵੇਰੇ ਤਕਰੀਬਨ 11 ਵਜੇ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Publish Date: Thu, 19 Feb 2026 09:48 PM (IST)
Updated Date: Thu, 19 Feb 2026 09:50 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਤ੍ਰਿਪੜੀ ਦੇ ਅਧੀਨ ਆਉਂਦੇ ਪਿੰਡ ਰੌਂਗਲਾ ਵਿੱਚ 58 ਸਾਲਾ ਬਜ਼ੁਰਗ ਬਲਜੀਤ ਕੌਰ ਦੀ ਕੁੱਟਮਾਰ ਕੀਤੀ ਗਈ। ਬਲਜੀਤ ਕੌਰ ਨਾਲ ਵੀਰਵਾਰ ਸਵੇਰੇ ਤਕਰੀਬਨ 11 ਵਜੇ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਵਿੱਚ ਇਲਾਜ ਦੌਰਾਨ ਵੀਰਵਾਰ ਦੇਰ ਸ਼ਾਮ ਬਲਜੀਤ ਕੌਰ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲਿਆਂ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਵੀ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਮੁਲਜ਼ਮਾਂ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਗਿਆ।
ਪਰਿਵਾਰ ਨੇ ਸਰਪੰਚ 'ਤੇ ਲਾਏ ਦੋਸ਼
ਮ੍ਰਿਤਕ ਮਹਿਲਾ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪਿੰਡ ਦਾ ਹੀ ਸਰਪੰਚ, ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ, ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਵਾਰ-ਵਾਰ ਡੇਢ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਪਰਿਵਾਰ ਅਨੁਸਾਰ ਉਨ੍ਹਾਂ ਕੋਲ ਇਸ ਦੀ ਇੱਕ ਆਡੀਓ ਰਿਕਾਰਡਿੰਗ ਵੀ ਮੌਜੂਦ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਵੇਰੇ 11:00 ਤੋਂ 11:30 ਦੇ ਵਿਚਕਾਰ ਤਿੰਨ ਲੋਕਾਂ ਨੇ ਬਜ਼ੁਰਗ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਦੇਰ ਸ਼ਾਮ ਮਹਿਲਾ ਦੀ ਮੌਤ ਤੋਂ ਬਾਅਦ ਉਸਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਉਚਿਤ ਕਾਰਵਾਈ ਨਾ ਕੀਤੀ ਤਾਂ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਲਾਸ਼ ਨੂੰ ਸੜਕ 'ਤੇ ਰੱਖ ਕੇ ਜਾਮ ਲਗਾਉਣਗੇ। ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ, ਬਜ਼ੁਰਗ ਮਹਿਲਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਤ੍ਰਿਪੜੀ ਥਾਣੇ ਦੇ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਨਾਲ ਕੁੱਟਮਾਰ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।