ਪਟੇਲ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰਾ ਕੀਤਾ
ਪਟੇਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸਕ ਬਾਬਾ ਬਰੋਟੀ ਮੰਦਿਰ ਚੋਲਟੀ ਖੇੜੀ ਦਾ ਵਿੱਦਿਅਕ ਦੌਰਾ ਕੀਤਾ
Publish Date: Wed, 22 Apr 2026 04:29 PM (IST)
Updated Date: Wed, 22 Apr 2026 04:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਬੀ.ਏ., ਬੀ.ਸੀ.ਏ. ਅਤੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਦਾ ਸਾਂਝਾ ਇੱਕ ਰੋਜ਼ਾ ਵਿੱਦਿਅਕ ਟੂਰ ਇਤਿਹਾਸਕ ਬਾਬਾ ਬਰੋਟੀ ਮੰਦਿਰ ਚੋਲਟੀ ਖੇੜੀ ਵਿਖ਼ੇ ਗਿਆ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਅਤੇ ਰਜਿਸਟਰਾਰ ਡਾ. ਸ਼ੇਰ ਸਿੰਘ ਨੇ ਸਵੇਰੇ 9 ਵਜੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕਾਲਜ ਤੋਂ ਬੱਸ ਵਿਚ ਰਵਾਨਾ ਕੀਤਾ। ਕਾਲਜ ਦੀ ਬਿਊਟੀਫ਼ੀਕੇਸ਼ਨ ਕਮੇਟੀ ਦੇ ਮੈਂਬਰ ਡਾ. ਰਸ਼ਮੀ ਬੱਤਾ, ਡਾ. ਮਿੰਕੀ, ਡਾ. ਹਰਜਿੰਦਰ ਕੌਰ ਤੇ ਮਿ. ਦਲਜੀਤ ਸਿੰਘ ਇਸ ਵਿੱਦਿਅਕ ਟੂਰ ਲਈ ਵਿਦਿਆਰਥੀਆਂ ਦੇ ਨਾਲ ਗਏ। ਇਸ ਵਿੱਦਿਅਕ ਟੂਰ ਦੌਰਾਨ ਜੁਆਇਨ ਹੈੰਡਸ ਫ਼ਾਰ ਆ ਕਲੀਨਰ ਗਰੀਨ ਟੂਮਾਰੋ ਸਿਰਲੇਖ ਤਹਿਤ ਚੋਲਟੀ ਖੇੜੀ ਦੇ ਮੰਦਿਰ ਵਿੱਚ 4 ਏਕੜ ਵਿਚ ਫੈਲੇ ਕਾਇਆ ਕਲਪ ਬਰਿਕਸ਼ ਵਜੋਂ ਜਾਣੇ ਜਾਂਦੇ ਇਤਿਹਾਸਕ ਬੋਹੜ੍ਹ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਬੋਹੜ੍ਹ ਦੇ ਆਲੇ-ਦੁਆਲੇ ਹੋਰ ਵੀ ਹਰੇ ਬੂਟੇ ਲਗਾਏ ਗਏ। ਮੰਦਿਰ ਦੇ ਪ੍ਰਬੰਧਕਾਂ ਅਤੇ ਪੁਜਾਰੀ ਵੱਲੋਂ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਕੇ ਉਨ੍ਹਾਂ ਨੂੰ ਇਤਿਹਾਸਕ ਮੰਦਿਰ ਅਤੇ ਬੋਹੜ੍ਹ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਵਿੱਦਿਅਕ ਟੂਰ ਤੋਂ ਵਿਦਿਆਰਥੀਆਂ ਨੇ ਜਿੱਥੇ ਇਤਿਹਾਸਕ ਪੱਖ ਨੂੰ ਜਾਣਿਆ ਉੱਥੇ ਹੀ ਬੋਹੜ੍ਹ ਵਰਗੇ ਦਰੱਖਤਾਂ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਨੂੰ ਵੀ ਜਾਣਿਆ। ਉਪਰੰਤ ਵਿਦਿਆਰਥੀਆਂ ਨੇ ਵਾਤਾਵਰਣ ਅਤੇ ਕੁਦਰਤ ਨੂੰ ਬਚਾਉਣ ਲਈ ਰਾਜਪੁਰਾ ਅਤੇ ਨਾਲ ਲੱਗਦੇ ਖੇਤਰਾਂ ਵਿਚ ਭਵਿੱਖ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਵਚਨ ਵੀ ਲਿਆ।