22 ਨੂੰ ਮਹਾਰਾਣੀ ਪਰਨੀਤ ਕੌਰ ਦੇ ਘਰ ਦੇ ਬਾਹਰ ਪਹੁੰਚਣ ਦਾ ਐਲਾਨ
22 ਫਰਵਰੀ ਨੂੰ ਮਹਾਰਾਣੀ ਪਰਨੀਤ ਕੌਰ ਦੇ ਘਰ ਦੇ ਬਾਹਰ ਪਹੁੰਚਣ ਦਾ ਐਲਾਨ
Publish Date: Sat, 21 Feb 2026 06:09 PM (IST)
Updated Date: Sat, 21 Feb 2026 06:12 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਭਾਰਤ ਅਮਰੀਕਾ ਵਿਚਕਾਰ ਮੁਕਤ ਵਪਾਰ ਸਮਝੌਤਾ ਭਾਰਤ ਦੇ ਕਿਸਾਨਾਂ ਨੂੰ ਤਬਾਹ ਕਰ ਕੇ ਰੱਖ ਦੇਵੇਗਾ ਅਮਰੀਕਾ ਦੇ ਕਿਸਾਨ ਕੋਲ ਭਾਰਤ ਦੇ ਕਿਸਾਨ ਦੇ ਮੁਕਾਬਲੇ ਜ਼ਮੀਨ ਦੀ ਮਾਲਕੀ ਹਜ਼ਾਰਾਂ ਗੁਣਾ ਵੱਧ ਹੈ ਅਤੇ ਅਮਰੀਕਾ ਵੱਲੋਂ ਉਥੋਂ ਦੇ ਕਿਸਾਨ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾਂਦੀ ਹੈ। ਇਹ ਵਿਚਾਰ ਬਲਾਕ ਨਾਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਅਤੇ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਨੇ ਸਾਂਝੇ ਤੌਰ ’ਤੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨ ਦੇ ਫਸਲ ਤੇ ਹੋਣ ਵਾਲੇ ਖਰਚੇ ਵੀ ਪੂਰੇ ਨਹੀਂ ਹੁੰਦੇ। ਇਸੇ ਕਰ ਕੇ ਕਿਸਾਨ ਕਰਜ਼ਾਈ ਹੋ ਰਿਹਾ ਹੈ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਟਰੰਪ ਦੇ ਰਵੱਈਏ ਅੱਗੇ ਗੋਡਿਆਂ ਪਰਨੇ ਹੋਈ ਪਈ ਹੈ ਇਹ ਕਿਸਾਨੀ ਦੇ ਨਾਲ ਨਾਲ ਪੋਲਟਰੀ ਅਤੇ ਡੇਅਰੀ ਵਰਗੇ ਸਹਾਇਕ ਧੰਦਿਆਂ ਦਾ ਵੀ ਦਿਵਾਲਾ ਕੱਢ ਕੇ ਰੱਖ ਦੇਵੇਗੀ। ਇਹ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਲਈ ਹੋਰ ਵੀ ਮਾਰੂ ਸਾਬਤ ਹੋਵੇਗੀ। ਅੱਛਰ ਸਿੰਘ ਨੇ ਦੱਸਿਆ ਕਿ 22 ਫਰਵਰੀ ਨੂੰ ਭਾਜਪਾ ਆਗੂ ਮਹਾਂਰਾਣੀ ਪ੍ਰਨੀਤ ਕੌਰ ਦੇ ਘਰ ਅੱਗੇ ਵੱਡੀ ਗਿਣਤੀ ਵਿੱਚ ਨਾਭੇ ਤੋਂ ਵਰਕਰ ਪਹੁੰਚਣਗੇ। ਇਸ ਮੌਕੇ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ, ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਲਾਭ ਸਿੰਘ ਦਿੱਤੂਪੁਰ, ਜਰਨੈਲ ਸਿੰਘ ਗੁਣੀ ਕੇ, ਭੁਪਿੰਦਰ ਸਿੰਘ ਤੁੰਗਾਂ ਅਤੇ ਗੁਰਮੇਲ ਸਿੰਘ ਪੂਨੀਵਾਲ ਦੇ ਨਾਮ ਜ਼ਿਕਰਯੋਗ ਹਨ। ਇਸ ਮੀਟਿੰਗ ਵਿੱਚ ਇੱਕ ਮਤੇ ਰਾਹੀਂ ਪਰਵਿੰਦਰ ਸਿੰਘ ਬਨੇਰਾ ਖੁਰਦ ਨੂੰ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਪਰਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਮੀਟਿੰਗ ਦੇ ਵਿੱਚ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।