ਦੁਗਾਲ ਚੇਅਰਪਰਸਨ ਤੇ ਕੁਲਾਰਾਂ ਵਾਈਸ ਚੇਅਰਪਰਸਨ ਬਣੇ
ਪਰਮਜੀਤ ਦੁਗਾਲ ਚੇਅਰਪਰਸਨ ਅਤੇ ਸੁਖਜਿੰਦਰ ਕੌਰ ਕੁਲਾਰਾਂ ਵਾਇਸ ਚੇਅਰਪਰਸਨ ਬਣੇ
Publish Date: Fri, 06 Mar 2026 05:04 PM (IST)
Updated Date: Fri, 06 Mar 2026 05:06 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਬਲਾਕ ਸੰਮਤੀ ਪਾਤੜਾਂ 25 ਜੋਨਾਂ ਲਈ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੋਣ ਮਗਰੋਂ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਕੀਤੇ ਗਏ ਚੇਅਰਪਰਸਨ ਦੇ ਅਹੁਦੇ ਅਤੇ ਔਰਤਾਂ ਲਈ ਰਾਖਵੇਂ ਹੋਏ ਵਾਇਸ ਚੇਅਰਮੈਨ ਦੇ ਅਹੁਦਿਆਂ ਲਈ ਚੋਣ ਮੁਕੰਮਲ ਹੋ ਗਈ ਹੈ। ਚੋਣ ਅਧਿਕਾਰੀ ਕਮ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ ਦੀ ਦੇਖ ਰੇਖ ਹੇਠ ਚੋਣ ਦੌਰਾਨ ਪਰਮਜੀਤ ਕੌਰ ਦੁਗਾਲ ਚੇਅਰ ਪਰਸਨ ਅਤੇ ਸੁਖਜਿੰਦਰ ਕੌਰ ਕੁਲਾਰਾਂ ਨੂੰ ਵਾਇਸ ਚੇਅਰਪਰਸਨ ਚੁਣਿਆ ਗਿਆ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਚੋਣਾਂ ਅਧਿਕਾਰੀ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਅਹੁਦੇਦਾਰਾਂ ਦੀ ਚੋਣ ਲਈ ਹੋਈ ਮੀਟਿੰਗ ਵਿੱਚ 25 ਵਿੱਚੋਂ 23 ਚੁਣੇ ਹੋਏ ਮੈਂਬਰਾਂ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਸ ਦੌਰਾਨ ਚੇਅਰਪਰਸਨ ਦੇ ਅਹੁਦੇ ਲਈ ਪਰਮਜੀਤ ਕੌਰ ਦੁਗਾਲ ਦਾ ਨਾਮ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਸਾਗਰਾ ਨੇ ਪੇਸ਼ ਕੀਤਾ ਜਦੋਂ ਕਿ ਉਸਦੀ ਤਾਇਦ ਗੁਰਮੀਤ ਸਿੰਘ ਸਾਧਮਾਜਰਾ ਨੇ ਕੀਤੀ। ਇਸੇ ਤਰ੍ਹਾਂ ਵਾਈਸ ਚੇਅਰਪਰਸਨ ਲਈ ਸੁਖਜਿੰਦਰ ਕੌਰ ਕੁਲਾਰਾਂ ਦਾ ਨਾਮ ਸਹਿਜਪੁਰ ਕਲਾਂ ਜੋਨ ਤੋਂ ਜਿੱਤੇ ਬਿੱਕਰ ਸਿੰਘ ਨੇ ਪੇਸ਼ ਕੀਤਾ ਅਤੇ ਉਸਦੀ ਤਾਇਦ ਅਜੈਬ ਸਿੰਘ ਕੁਲਾਰਾਂ ਨੇ ਕੀਤੀ। ਹਾਊਸ ਵਿਚ ਹਾਜ਼ਰ ਸਾਰੇ ਬਲਾਕ ਸੰਮਤੀ ਮੈਂਬਰਾਂ ਨੇ ਸਰਬ ਸੰਮਤੀ ਨਾਲ ਦੋਵਾਂ ਨਾਵਾਂ ਨੂੰ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਪਰਮਜੀਤ ਕੌਰ ਦੁਗਾਲ ਬਲਾਕ ਸੰਮਤੀ ਪਾਤੜਾਂ ਦੇ ਚੇਅਰਪਰਸਨ ਅਤੇ ਸੁਖਜਿੰਦਰ ਕੌਰ ਕੁਲਾਰਾਂ ਵਾਈਸ ਚੇਅਰ ਪਰਸਨ ਚੁਣੇ ਗਏ। ਨਵ ਨਿਯੁਕਤ ਅਹੁਦੇਦਾਰਾਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਡੀਪੀਓ ਪਾਤੜਾਂ ਬਘੇਲ ਸਿੰਘ, ਸੀਨੀਅਰ ਆਪ ਆਗੂ ਤੇਜਿੰਦਰ ਸਿੰਘ ਤੇਜ਼ੀ ਬੂਰੜ, ਹਰਦੀਪ ਸਿੰਘ ਸ਼ਾਹਪੁਰ, ਬਲਾਕ ਸੰਮਤੀ ਮੈਂਬਰ ਗੋਲਡੀ ਬਰਾਸ, ਸਾਬਕਾ ਸਰਪੰਚ ਮਨਜੀਤ ਸਿੰਘ ਕੁੱਕੂ ਦੁਗਾਲ, ਕਮਲਜੀਤ ਸਿੰਘ ਦਿਓਗੜ, ਬਿੱਕਰ ਸਿੰਘ ਸੇਲਵਾਲਾ, ਦਰਬਾਰਾ ਸਿੰਘ ਦੁਗਾਲ, ਹਰਦੀਪ ਸਿੰਘ ਸਰਪੰਚ, ਲਾਲੀ ਕਲਵਾਣੂ, ਕੁਲਜੀਤ ਸਿੰਘ ਠਾਕੁਰ, ਜਤਿੰਦਰਪਾਲ ਸਿੰਘ ਨੰਬਰਦਾਰ ਬੂਟਾ ਸਿੰਘ ਵਾਲਾ, ਦਵਿੰਦਰ ਸਿੰਘ ਸਰਪੰਚ, ਅਤੇ ਜਗਜੀਤ ਸਿੰਘ ਤੰਬੂਵਾਲਾ ਤੋਂ ਬਲਾਕ ਸੰਮਤੀ ਪਾਤੜਾਂ ਦੇ ਵੱਖ ਵੱਖ ਜੋਨਾਂ ਤੋਂ ਜਿੱਤੇ ਹੋਏ ਉਮੀਦਵਾਰਾ ਹਾਜ਼ਰ ਸਨ।