ਪੰਜਾਬ ’ਚ ਸਪਲਾਈ ਹੋਣ ਆ ਰਹੇ ਪੰਜ ਕੁਇੰਟਲ ਨਕਲੀ ਪਨੀਰ ਸਮੇਤ ਦੋ ਕਾਬੂ
ਪੰਜਾਬ ’ਚ ਸਪਲਾਈ ਹੋਣ ਆ ਰਹੇ ਪੰਜ ਕੁਇੰਟਲ ਨਕਲੀ ਪਨੀਰ ਸਮੇਤ ਦੋ ਕਾਬੂ
Publish Date: Thu, 19 Mar 2026 06:12 PM (IST)
Updated Date: Thu, 19 Mar 2026 06:16 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਲੋਕਾਂ ਦੀ ਸਿਹਤ ਖਿਲਵਾੜ ਦਾ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਦੁੱਧ ਤੋਂ ਬਣੀਆਂ ਨਕਲੀ ਚੀਜ਼ਾਂ ਜਿੱਥੇ ਮਾਰਕੀਟ ਵਿਚ ਵੱਡੇ ਪੱਧਰ ਉੱਤੇ ਵਿਕ ਰਹੀਆਂ ਹਨ ਉੱਥੇ ਮਾਰਕੀਟ ਵਿਚ ਦੁੱਧ ਤੋਂ ਬਣੀਆਂ ਨਕਲੀ ਚੀਜ਼ਾਂ ਨੂੰ ਵੇਚਣ ਦੀ ਸਪਲਾਈ ਵੀ ਬੇਖੌਫ ਕੀਤੀ ਜਾ ਰਹੀ ਹੈ। ਅਜਿਹੀ ਘਟਨਾ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਹਰਿਆਣਾ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਕੀਤੇ ਜਾਣ ਵਾਲਾ ਪੰਜ ਕੁਇੰਟਲ ਤੋਂ ਵੱਧ ਨਕਲੀ ਪਨੀਰ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਪਾਤੜਾਂ ਪੁਲਿਸ ਨੇ ਸਫਲਤਾ ਹਾਸਲ ਕੀਤੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਗੁਪਤ ਸੂਚਨਾ ਮਿਲੀ ਕੇ ਹਰਿਆਣਾ ਦੀ ਤਰਫੋਂ ਇੱਕ ਗੱਡੀ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਸਪਲਾਈ ਕਰਨ ਲਈ ਨਕਲੀ ਪਨੀਰ ਆ ਰਿਹਾ ਹੈ। ਜਿਸ ’ਤੇ ਪੁਲਿਸ ਨੇ ਖਨੋਰ ਦੀ ਤਰਫੋਂ ਆ ਰਹੀ ਮਹਿੰਦਰਾ ਬਲੈਰੋ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 500 ਕਿਲੋਗ੍ਰਾਮ ਨਕਲੀ ਜਾਅਲੀ ਪਨੀਰ ਬਰਾਮਦ ਹੋਇਆ। ਇਸ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਜਿਨ੍ਹਾਂ ਦੀ ਪਹਿਛਾਣ ਮੁਸਤਾਕ ਪੁੱਤਰ ਨਸੀਬ ਖਾਨ ਵਾਸੀ ਨਮੀਲਾ ਜ਼ਿਲ੍ਹਾ ਭਰਤਪੁਰ (ਰਾਜਸਥਾਨ) ਅਤੇ ਸਾਬਰ ਹੁਸੈਨ ਪੁੱਤਰ ਜਫਰੂਦੀਨ ਵਾਸੀ ਮੀਕਰਾ ਜ਼ਿਲ੍ਹਾ ਪਲਵਲ (ਹਰਿਆਣਾ) ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ। ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਹਰਿਆਣਾ ਦੇ ਨੂੰਹ ਤੋਂ ਪਨੀਰ ਲੈ ਕੇ ਆ ਰਹੇ ਸਨ, ਜਿਹੜਾ ਪੰਜਾਬ ਦੇ ਸ਼ਹਿਰਾਂ ਵਿੱਚ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਕੱਥਿਤ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਹਨਾਂ ਨੂੰ ਦੋ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।