ਪੰਚਾਇਤ ਨੇ ਪਿੰਡ ਨੂੰ ਸਾਫ਼-ਸੁਥਰਾ ਤੇ ਪਲਾਸਟਿਕ ਮੁਕਤ ਕਰਨ ਲਈ ਚੁੱਕਿਆ ਬੀੜਾ
ਪੰਚਾਇਤ ਨੇ ਪਿੰਡ ਨੂੰ ਸਾਫ਼-ਸੁਥਰਾ ਤੇ ਪਲਾਸਟਿਕ ਮੁਕਤ ਕਰਨ ਲਈ ਚੁੱਕਿਆ ਬੀੜਾ
Publish Date: Fri, 09 Jan 2026 03:45 PM (IST)
Updated Date: Sat, 10 Jan 2026 04:00 AM (IST)

ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੀ ਲੋੜ : ਸਰਪੰਚ ਅੰਮ੍ਰਿਤ ਸਿੰਘ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਪੰਚਾਇਤ ਨੂੰ ਪੇਂਡੂ ਸਥਾਨਕ ਸਰਕਾਰ ਵੀ ਆਖਿਆ ਜਾਂਦਾ ਹੈ। ਜਿਸ ਨੂੰ ਆਪਣੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਵਿਰਲੇ ਸਰਪੰਚ, ਪੰਚ ਹਨ ਜੋ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਜੀ ਜਾਨ ਇਕ ਕਰ ਰਹੇ ਹੋਣਗੇ, ਨਹੀਂ ਤਾਂ ਜ਼ਿਆਦਾਤਰ ਨੂੰ ਬਸ ਆਪਣੇ ਨਾਮ ਨਾਲ ਪੰਚ, ਸਰਪੰਚ ਸਾਹਿਬ ਲਗਾਉਣ ਦਾ ਹੀ ਚਾਅ ਹੁੰਦਾ ਹੈ। ਜਿਹੜੇ ਪੰਚਾਇਤੀ ਨੁਮਾਇੰਦੇ ਪਾਰਟੀਬਾਜ਼ੀ ਤੋਂ ’ਤੇ ਉੱਠ ਕੇ ਆਪਣੇ ਪਿੰਡ ਦੇ ਲੋਕਾਂ ਦੀ ਹਰ ਸੁੱਖ ਸਹੂਲਤ ਤੇ ਸਰਵਪੱਖੀ ਵਿਕਾਸ ਦਾ ਧਿਆਨ ਰੱਖਦੇ ਹੋਏ ਆਪਣੇ ਪਿੰਡ ਨੂੰ ਵਿਸ਼ਵ ਪੱਧਰੀ ਪਹਿਚਾਣ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ, ਉਨ੍ਹਾਂ ’ਚੋਂ ਇੱਕ ਨੌਜਵਾਨ ਹਲਕਾ ਅਮਰਗੜ੍ਹ ਦੇ ਵੱਡੇ ਪਿੰਡ ਚੌਂਦਾ ਦਾ ਸਰਪੰਚ ਅੰਮ੍ਰਿਤ ਸਿੰਘ ਕਾਲਾ ਹੈ। ਸਰਪੰਚ ਬਣਨ ਤੋਂ ਪਹਿਲਾਂ ਉਹ ਕਹਿੰਦਾ ਸੀ ਕਿ ਜੇਕਰ ਪਿੰਡ ਦੇ ਲੋਕਾਂ ਨੇ ਮੌਕਾ ਦੇ ਕੇ ਮਾਣ ਬਖਸ਼ਿਆ ਤਾਂ ਆਪਣੇ ਪਿੰਡ ਲਈ ਰਾਸ਼ਟਰਪਤੀ ਐਵਾਰਡ ਹਾਸਲ ਕਰਨਾ ਮੇਰਾ ਮੁੱਖ ਮਕਸ਼ਦ ਹੋਵੇਗਾ। ਪਿੰਡ ਵਾਸੀਆਂ ਨੇ ਉਸਨੂੰ ਮੌਕਾ ਦਿੱਤਾ, ਜਿਸ ਉਪਰੰਤ ਲੱਗਦਾ ਹੈ ਕਿ ਸਰਪੰਚ ਅੰਮ੍ਰਿਤ ਸਿੰਘ ਕਾਲਾ ਹੁਣ ਆਪਣੇ ਮਕਸਦ ਵੱਲ ਲਗਾਤਾਰ ਵਧ ਰਿਹਾ ਹੈ। ਉਸਦੇ ਮੁਤਾਬਿਕ ਪਿੰਡ ਵਾਸੀਆਂ ਦੀਆਂ ਸਿਹਤ ਸਮੱਸਿਆਵਾਂ ਦੇ ਹੱਲ ਲਈ ਕਰੀਬ 34 ਲੱਖ ਦੀ ਲਾਗਤ ਨਾਲ ਬਣ ਰਹੀ ਡਿਸਪੈਂਸਰੀ, ਨੌਜਵਾਨਾਂ ਨੂੰ ਮਾੜੀ ਸੰਗਤ ਤੇ ਨਸ਼ਿਆਂ ਤੋਂ ਦੂਰ ਕਰਨ ਲਈ 35 ਲੱਖ ਦੇ ਨਾਲ ਬਣ ਰਿਹਾ ਖੇਡ ਸਟੇਡੀਅਮ, ਪੀਣ ਲਈ ਸਾਫ ਪਾਣੀ ਦਾ ਸੁਚੱਜਾ ਪ੍ਰਬੰਧ ਤੇ ਗੰਦੇ ਪਾਣੀ ਲਈ ਟ੍ਰੀਟਮੈਂਟ ਪਲਾਂਟ ਸਮੇਤ ਹੁਣ ਮੇਰਾ ਅਗਲਾ ਮਕਸਦ ਪਿੰਡ ਨੂੰ ਅਨੇਕ ਬਿਮਾਰੀਆਂ ਵੰਡ ਰਹੇ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਾਉਣਾ ਹੈ। ਉਸਨੇ ਦੱਸਿਆ ਕਿ ਪਿੰਡ ਦੇ ਆਲੇ-ਦੁਆਲੇ ਬਣੇ ਕੂੜੇ ਦੇ ਡੰਪਾਂ ਨੂੰ ਖ਼ਤਮ ਕਰਨ ਲਈ 20 ਲੱਖ ਦੀ ਲਾਗਤ ਨਾਲ ਗਿੱਲੇ-ਸੁੱਕੇ ਕੂੜੇ ਵਾਸਤੇ ਪਲਾਂਟ ਬਣਾਇਆ ਗਿਆ ਹੈ ਅਤੇ ਰੂੜੀਆਂ ਨੂੰ ਸੜਕਾਂ ’ਤੇ ਆਉਣ ਤੋਂ ਰੋਕਣ ਲਈ ਚਾਰ ਦੀਵਾਰੀਆਂ ਕੀਤੀਆਂ ਜਾ ਰਹੀਆਂ ਹਨ। ਸਰਪੰਚ ਦਾ ਕਹਿਣਾ ਹੈ ਕਿ ਇਕੱਲਾ ਸਰਪੰਚ ਜਾ ਪੰਚਾਇਤ ਕੁਝ ਨਹੀਂ ਕਰ ਸਕਦੀ। ਪਿੰਡ ਨੂੰ ਹਰ ਪੱਖੋਂ ਤਰੱਕੀ ਤਕ ਲਿਜਾਣ ਲਈ ਹਰੇਕ ਪਿੰਡ ਵਾਸੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਣਦਾ ਸਹਿਯੋਗ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਆਪਣੇ ਪਿੰਡਾਂ ਨੂੰ ਇਕ ਆਦਰਸ਼ ਪਿੰਡ ਬਣਾ ਸਕਦੇ ਹਾਂ। ਪਿੰਡਾਂ ਨੂੰ ਪਲਾਸਟਿਕ ਮੁਕਤ ਬਣਾਉਣਾ ਪੰਚਾਇਤਾਂ ਦਾ ਮੁੱਢਲਾ ਮਕਸਦ : ਡਾ. ਗੁਰਪ੍ਰੀਤ ਕੌਰ ਇਲਾਕੇ ਅੰਦਰ ਵਾਤਾਵਰਨ ਤੇ ਸਮਾਜ ਸੇਵੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਡਾ. ਗੁਰਪ੍ਰੀਤ ਕੌਰ ਢੀਂਡਸਾ ਨੇ ਕਿਹਾ ਕਿ ਪਿੰਡਾਂ ਨੂੰ ਪਲਾਸਟਿਕ ਮੁਕਤ ਬਣਾਉਣਾ ਪੰਚਾਇਤਾਂ ਦਾ ਮੁੱਢਲਾ ਮਕਸਦ ਹੋਣਾ ਚਾਹੀਦਾ। ਕਿਉਂਕਿ ਪਲਾਸਟਿਕ ਦੇ ਵਾਤਾਵਰਨ ’ਤੇ ਪੈ ਰਹੇ ਬੇਹਦ ਖ਼ਤਰਨਾਕ ਪ੍ਰਭਾਵ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੇ ਹਨ। ਉਨ੍ਹਾਂ ਚੌਂਦਾ ਪਿੰਡ ਦੀ ਸਮੁੱਚੀ ਪੰਚਾਇਤ ਤੇ ਖਾਸ ਤੌਰ ’ਤੇ ਸਰਪੰਚ ਅੰਮ੍ਰਿਤ ਸਿੰਘ ਦੀ ਇਸ ਕੰਮ ਲਈ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ।