ਸੰਗਰੂਰ ਦੇ ਖੇਤਾਂ ’ਚ ਝੋਨੇ ਦੀ ਲੁਆਈ ਦੀ ਸ਼ੁਰੂਆਤ
ਜ਼ਿਲ੍ਹਾ ਸੰਗਰੂਰ ਦੇ ਖੇਤਾਂ ’ਚ ਝੋਨੇ ਦੀ ਲੁਆਈ ਦੀ ਸ਼ੁਰੂਆਤ
Publish Date: Thu, 11 Jun 2026 04:34 PM (IST)
Updated Date: Fri, 12 Jun 2026 04:05 AM (IST)

2 ਲੱਖ 93 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੋਵੇਗੀ ਲੁਆਈ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹੇ ਵਿੱਚ ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰ ਲਏ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਖਰੀ ਜ਼ੋਨ ਵਿੱਚ ਸ਼ਾਮਲ ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਮਾਨਸਾ, ਲੁਧਿਆਣਾ, ਪਟਿਆਲਾ, ਮੋਗਾ, ਕਪੂਰਥਲਾ, ਜਲੰਧਰ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ, ਜ਼ਿਆਦਾਤਰ ਕਿਸਾਨ ਵੱਧ ਰਹੀ ਗਰਮੀ ਤੇ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ 15 ਜੂਨ ਤੋਂ ਬਾਅਦ ਹੀ ਵੱਡੇ ਪੱਧਰ ’ਤੇ ਝੋਨਾ ਲੁਆਈ ਕਰਨ ਦੀ ਤਿਆਰੀ ’ਚ ਹਨ। ਰੇਲਵੇ ਸਟੇਸ਼ਨਾਂ ’ਤੇ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਕਿਸਾਨ ਉਨ੍ਹਾਂ ਨੂੰ ਟਰੈਕਟਰ-ਟਰਾਲੀਆਂ ਰਾਹੀਂ ਆਪਣੇ ਪਿੰਡਾਂ ਵਿੱਚ ਲੈ ਕੇ ਜਾ ਰਹੇ ਹਨ। ਇਸ ਵਾਰ ਜ਼ਿਲ੍ਹੇ ’ਚ 2 ਲੱਖ 93 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ, ਬਿਜਲੀ ਵਿਭਾਗ ਤੇ ਹੋਰ ਸਬੰਧਿਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਪ੍ਰਚਾਰ ਦੇ ਬਾਵਜੂਦ ਕਿਸਾਨ ਸਿੱਧੀ ਬਿਜਾਈ ਦੀ ਬਜਾਏ ਕੱਦੂ ਕਰ ਕੇ ਰਵਾਇਤੀ ਢੰਗ ਨਾਲ ਲੁਆਈ ਨੂੰ ਤਰਜੀਹ ਦੇ ਰਹੇ ਹਨ। ਪਿੰਡ ਬਡਰੁੱਖਾਂ ਤੇ ਉਭਾਵਾਲ ਦੇ ਕਿਸਾਨ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਤੇ ਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉੱਤਰ ਪ੍ਰਦੇਸ਼, ਬਿਹਾਰ ਤੇ ਹਰਿਆਣਾ ਤੋਂ ਆਉਣ ਵਾਲੀ ਮਜ਼ਦੂਰੀ ਮਹਿੰਗੀ ਪੈ ਰਹੀ ਹੈ। ਪਿਛਲੇ ਸਾਲ ਜਿੱਥੇ ਪ੍ਰਤੀ ਏਕੜ ਲੁਆਈ ਦਾ ਰੇਟ 4,000 ਤੋਂ 4,500 ਰੁਪਏ ਸੀ, ਉੱਥੇ ਇਸ ਵਾਰ ਇਹ ਵਧ ਕੇ 4,500 ਤੋਂ 5,000 ਰੁਪਏ ਪ੍ਰਤੀ ਏਕੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸਥਾਨਕ ਮਜ਼ਦੂਰੀ ਪ੍ਰਵਾਸੀ ਮਜ਼ਦੂਰਾਂ ਨਾਲੋਂ ਵੀ ਮਹਿੰਗੀ ਹੈ। ਮੱਠੀ ਰਫ਼ਤਾਰ ਨਾਲ ਚੱਲ ਰਹੀ ਲੁਆਈ ਕਿਸਾਨ ਨਾਇਬ ਸਿੰਘ, ਧੰਨਾ ਸਿੰਘ, ਮੇਜਰ ਸਿੰਘ ਅਤੇ ਮੁਕੰਦ ਸਿੰਘ ਨੇ ਦੱਸਿਆ ਕਿ ਖੇਤਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਵਾਹੀ ਤੋਂ ਬਾਅਦ ਸੁੱਕੇ ਖੇਤਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਪਰ ਵੱਧ ਤਾਪਮਾਨ, ਮਜ਼ਦੂਰਾਂ ਦੀ ਘਾਟ ਅਤੇ ਘੱਟ ਉਮਰ ਵਾਲੀ ਪਨੀਰੀ ਕਾਰਨ ਹਾਲੇ ਲੁਆਈ ਨੇ ਰਫ਼ਤਾਰ ਨਹੀਂ ਫੜੀ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਪਨੀਰੀ ਦੇ ਸੜਨ ਦਾ ਖਤਰਾ ਵੀ ਬਣਿਆ ਹੋਇਆ ਹੈ। ਆਉਣ ਵਾਲੇ ਚਾਰ-ਪੰਜ ਦਿਨਾਂ ਵਿੱਚ ਲੁਆਈ ਦਾ ਕੰਮ ਤੇਜ਼ ਹੋਣ ਦੀ ਉਮੀਦ ਹੈ। ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਨੂੰ ਤਰਜੀਹ ਕਿਸਾਨ ਗੁਰਵਿੰਦਰ ਸਿੰਘ, ਨਾਇਬ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਖੇਤੀ ਲਈ ਬਿਜਲੀ ਦੀ ਕੋਈ ਘਾਟ ਨਹੀਂ ਹੈ ਅਤੇ ਕਿਸਾਨ ਬਿਜਲੀ ਪ੍ਰਬੰਧਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੁੱਖ ਤੌਰ ’ਤੇ ਪੀਆਰ-126, ਪੀਆਰ.-130 ਅਤੇ ਪੀਆਰ.-131 ਕਿਸਮਾਂ ਦੀ ਲੁਆਈ ਕਰ ਰਹੇ ਹਨ। ਇਹ ਕਿਸਮਾਂ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਹਨ ਅਤੇ ਪਾਣੀ ਦੀ ਵੀ ਘੱਟ ਖਪਤ ਕਰਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਚੰਗਾ ਮੀਂਹ ਪੈ ਜਾਵੇ ਤਾਂ ਲੁਆਈ ਦਾ ਸੀਜ਼ਨ ਪੂਰੀ ਰਫ਼ਤਾਰ ਫੜ ਲਵੇਗਾ। ਨਿਰਵਿਘਨ ਮਿਲੇਗੀ ਬਿਜਲੀ ਸਪਲਾਈ : ਪਾਵਰਕਾਮ ਪਾਵਰਕਾਮ ਦੇ ਐਕਸੀਅਨ ਐਨਕੇ ਜਿੰਦਲ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਦੇ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਉਣ ਲਈ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਵੀ ਕੋਈ ਬਿਜਲੀ ਫਾਲਟ ਆਉਂਦਾ ਹੈ, ਉੱਥੇ ਤੁਰੰਤ ਟੀਮਾਂ ਭੇਜ ਕੇ ਉਸ ਨੂੰ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਝੋਨੇ ਦੇ ਸੀਜ਼ਨ ਦੌਰਾਨ ਸੰਗਰੂਰ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।