ਬੇਕਾਬੂ ਸਕੂਲ ਬੱਸ ਖੰਭੇ ’ਚ ਵੱਜੀ, ਵਾਲ-ਵਾਲ ਬਚੇ ਬੱਚੇ
ਬੇਕਾਬੂ ਸਕੂਲ ਬੱਸ ਖੰਭੇ ’ਚ ਵੱਜੀ, ਵਾਲ-ਵਾਲ ਬਚੇ ਬੱਚੇ
Publish Date: Thu, 29 Jan 2026 07:05 PM (IST)
Updated Date: Fri, 30 Jan 2026 04:11 AM (IST)

ਉਪਲੀ ਰੋਡ ’ਤੇ ਵੀਰਵਾਰ ਸਵੇਰੇ ਸਮੇਂ ਹੋਇਆ ਹਾਦਸਾ, ਟੱਕਰ ਕਾਰਨ ਖੰਭਾ ਹੋਇਆ ਦੋਪਾੜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਉਪਲੀ ਰੋਡ ’ਤੇ ਵੀਰਵਾਰ ਸਵੇਰੇ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਵਜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਬੱਸ ਵਿਚ ਸਵਾਰ ਸਾਰੇ ਬੱਚੇ ਅਤੇ ਸਟਾਫ਼ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਕਿਸੇ ਤਰ੍ਹਾਂ ਦਾ ਕੋਈ ਜਾਨਮਾਲ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਹ ਹਾਦਸਾ ਸਕੂਲ ਬੱਸਾਂ ਦੀ ਸੁਰੱਖਿਆ ਵਿਵਸਥਾ, ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਤੇ ਟ੍ਰੈਫਿਕ ਪੁਲਿਸ ਦੀ ਅਣਦੇਖੀ ’ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਗਿਆ ਹੈ। ਨਿੱਜੀ ਸਕੂਲ ਦੀ ਬੱਸ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇਨੀ ਜ਼ੋਰਦਾਰ ਸੀ ਕਿ ਬਿਜਲੀ ਦਾ ਖੰਭਾ ਵਿਚਕਾਰੋਂ ਟੁੱਟ ਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਕਾਫ਼ੀ ਗੰਭੀਰ ਹੋ ਸਕਦਾ ਸੀ, ਪਰ ਖੁਸ਼ਕਿਸਮਤੀ ਨਾਲ ਸਾਰੇ ਬੱਚੇ ਸੁਰੱਖਿਅਤ ਹਨ। ਬਿਜਲੀ ਬੋਰਡ ਦੇ ਕਰਮਚਾਰੀ ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚੇ ਹਾਦਸੇ ਤੋਂ ਤੁਰੰਤ ਬਾਅਦ ਬਿਜਲੀ ਬੋਰਡ ਦੇ ਕਰਮਚਾਰੀ ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਏ। ਬਿਜਲੀ ਬੋਰਡ ਦੇ ਕਰਮਚਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਟੱਕਰ ਕਾਰਨ ਬਿਜਲੀ ਦਾ ਖੰਭਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਨਾਲ ਬੋਰਡ ਨੂੰ ਕਰੀਬ 20 ਤੋਂ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੋਇਆ ਹਾਦਸਾ : ਬੱਸ ਚਾਲਕ ਹਾਦਸੇ ਨੂੰ ਲੈ ਕੇ ਬੱਸ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਈਡ ’ਤੇ ਬੱਸ ਚਲਾ ਰਹੇ ਸਨ, ਤਾਂ ਅਚਾਨਕ ਸਾਹਮਣੇ ਤੋਂ ਇਕ ਕਾਰ ਆ ਗਈ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਨ੍ਹਾਂ ਬੱਸ ਨੂੰ ਸੜਕ ਤੋਂ ਹੇਠਾਂ ਉਤਾਰ ਦਿੱਤਾ। ਸੜਕ ਦਾ ਹਿੱਸਾ ਕੱਚਾ ਹੋਣ ਕਾਰਨ ਬੱਸ ਦਾ ਟਾਇਰ ਮਿੱਟੀ ’ਚ ਧਸ ਗਿਆ ਅਤੇ ਬੱਸ ਬੇਕਾਬੂ ਹੋ ਕੇ ਸਿੱਧੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਪੁਲਿਸ ਕਰਮੀ ਪੁਲਿਸ ਕਰਮਚਾਰੀ ਹਰੀਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹਾਦਸੇ ’ਚ ਕਿਸੇ ਵੀ ਬੱਚੇ ਜਾਂ ਰਾਹਗੀਰ ਨੂੰ ਕੋਈ ਸੱਟ ਨਹੀਂ ਲੱਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਬੱਸ ’ਤੇ ਕਿਸੇ ਵੀ ਸਕੂਲ ਦਾ ਨਾਂ ਜਾਂ ਸੰਪਰਕ ਨੰਬਰ ਨਹੀਂ ਸੀ ਹਾਦਸੇ ਦੌਰਾਨ ਇਕ ਹੋਰ ਗੰਭੀਰ ਲਾਪ੍ਰਵਾਹੀ ਵੀ ਸਾਹਮਣੇ ਆਈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ ’ਤੇ ਕਿਸੇ ਵੀ ਸਕੂਲ ਦਾ ਨਾਮ ਜਾਂ ਸੰਪਰਕ ਫ਼ੋਨ ਨੰਬਰ ਦਰਜ ਨਹੀਂ ਸੀ। ਬੱਸ ‘ਤੇ ਸਿਰਫ਼ “ਸਕੂਲ ਬੱਸ” ਲਿਖਿਆ ਹੋਇਆ ਸੀ। ਗੌਰਤਲਬ ਹੈ ਕਿ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਡੀਸੀ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਵਾਰ-ਵਾਰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਸਕੂਲੀ ਵਾਹਨਾਂ ‘ਤੇ ਸਕੂਲ ਦਾ ਨਾਮ, ਪਤਾ ਅਤੇ ਫ਼ੋਨ ਨੰਬਰ ਸਪਸ਼ਟ ਤੌਰ ‘ਤੇ ਲਿਖਿਆ ਹੋਣਾ ਚਾਹੀਦਾ ਹੈ, ਤਾਂ ਜੋ ਕਿਸੇ ਐਮਰਜੈਂਸੀ ਦੌਰਾਨ ਤੁਰੰਤ ਪਛਾਣ ਅਤੇ ਸੰਪਰਕ ਕੀਤਾ ਜਾ ਸਕੇ। ਸਕੂਲ ਬੱਸਾਂ ਦੀ ਸੁਰੱਖਿਆ ਵਿਵਸਥਾ ਤੇ ਪ੍ਰਸ਼ਾਸਕੀ ਨਿਗਰਾਨੀ ਦੀ ਪੋਲ ਖੋਲ੍ਹੀ ਇਸ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰਨਾ ਅਤੇ ਟ੍ਰੈਫਿਕ ਪੁਲਿਸ ਵੱਲੋਂ ਅਜਿਹੇ ਵਾਹਨਾਂ ਨੂੰ ਬਿਨਾਂ ਜਾਂਚ ਸੜਕਾਂ ’ਤੇ ਚਲਣ ਦੇਣਾ ਦੋਵਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਇਹ ਲਾਪ੍ਰਵਾਹੀ ਭਵਿੱਖ ’ਚ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਹਾਲਾਂਕਿ, ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਹਾਦਸੇ ਨੇ ਸੜਕਾਂ ਦੇ ਕਿਨਾਰੇ ਕੱਚੇ ਹਿੱਸਿਆਂ, ਸਕੂਲ ਬੱਸਾਂ ਦੀ ਸੁਰੱਖਿਆ ਵਿਵਸਥਾ ਅਤੇ ਪ੍ਰਸ਼ਾਸਕੀ ਨਿਗਰਾਨੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਧਰ, ਜਦੋਂ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੱਸ ‘ਤੇ ਸਕੂਲ ਦਾ ਨਾਮ ਨਾ ਲਿਖੇ ਹੋਣ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸਕੂਲ ਬੱਸ ‘ਤੇ ਨਾਮ ਲਿਖਿਆ ਹੋਇਆ ਸੀ। ਪਰ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਨਾਮ ਨਹੀਂ ਲਿਖਿਆ ਹੋਇਆ, ਤਾਂ ਉਹ ਕੋਈ ਵੀ ਸਪਸ਼ਟ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ।