ਸਟੇਟ ਓਪਨ ਯੂਨੀਵਰਸਿਟੀ ਰਾਜਪਾਲ ਦੀ ਨਸ਼ਾ ਵਿਰੋਧੀ ਮਾਰਚ ’ਚ ਹੋਈ ਸ਼ਾਮਲ
ਸਟੇਟ ਓਪਨ ਯੂਨੀਵਰਸਿਟੀ ਰਾਜਪਾਲ ਦੀ ਨਸ਼ਾ ਵਿਰੋਧੀ ਮਾਰਚ ਵਿੱਚ ਹੋਈ ਸ਼ਾਮਲ
Publish Date: Wed, 11 Feb 2026 04:37 PM (IST)
Updated Date: Wed, 11 Feb 2026 04:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਰਾਜ ਪੱਧਰੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਵਿਚ ਆਪਣਾ ਯੋਗਦਾਨ ਤੇਜ਼ ਕਰ ਦਿੱਤਾ ਗਿਆ ਹੈ। ਜੇ.ਜੀ.ਐਨ.ਡੀ. ਪੀਐਸਓਯੂ ਦੇ ਵਾਈਸ-ਚਾਂਸਲਰ ਪ੍ਰੋ. ਰਤਨ ਸਿੰਘ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਚਾਰ ਦਿਨਾ ਨਸ਼ਾ ਵਿਰੋਧੀ ਮਾਰਚ ਵਿਚ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ; ਜੇਜੀਐੱਨਡੀ ਪੀਐਸਓਯੂ ਰੀਜ਼ਨਲ ਸੈਂਟਰ, ਫਿਰੋਜ਼ਪੁਰ ਦੀ ਇਕ ਸਮਰਪਿਤ ਟੀਮ ਨੇ ਵਾਈਸ-ਚਾਂਸਲਰ ਪ੍ਰੋ. ਰਤਨ ਸਿੰਘ, ਰਜਿਸਟਰਾਰ ਪ੍ਰੋ. ਬਲਜੀਤ ਸਿੰਘ ਖਹਿਰਾ ਅਤੇ ਡਾਇਰੈਕਟਰ ਸੀਆਈਕਿਊਏ (ਸੀਆਈ੍ਕਿੳਏ) ਡਾ. ਕੁਲਦੀਪ ਵਾਲੀਆ ਦੀ ਅਗਵਾਈ ਵਿਚ ਇਸ ਮਾਰਚ ਵਿਚ ਹਿੱਸਾ ਲਿਆ। ਮਾਰਚ ਦੌਰਾਨ ਆਪਣੇ ਸੰਬੋਧਨ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਰੱਖਣ ਲਈ ਰਾਜ ਅਤੇ ਵਿਦਿਅਕ ਸੰਸਥਾਵਾਂ ਦੇ ਸਾਂਝੇ ਫਰਜ਼ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਵਾਤਾਵਰਣ ਪੰਜਾਬ ਦੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ, ਜੋ ਕਿ ਦੇਸ਼ ਦੀ ਅਸਲ ਤਾਕਤ ਹਨ। ਇਸ ਵਿਜ਼ਨ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ, ਵਾਈਸ-ਚਾਂਸਲਰ ਪ੍ਰੋ. ਰਤਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਕੇਵਲ ਅਕਾਦਮਿਕ ਸਿੱਖਿਆ ਤੱਕ ਸੀਮਤ ਨਹੀਂ ਹੈ, ਸਗੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਨੂੰ ਯਕੀਨੀ ਬਣਾਉਣਾ ਹੈ। ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ, ਯੂਨੀਵਰਸਿਟੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿਸ਼ੇਸ਼ ਤੌਰ ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੀ ਹੈ।