ਚਾਈਨਾ ਡੋਰ ਦੇ 30 ਗੱਟੂ ਸਣੇ ਇਕ ਕਾਬੂ
ਚਾਈਨਾ ਡੋਰ ਦੇ 30 ਗੁੱਟ ਸਮੇਤ ਇੱਕ ਕਾਬੂ
Publish Date: Sun, 04 Jan 2026 04:36 PM (IST)
Updated Date: Mon, 05 Jan 2026 04:06 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਬਸੰਤ ਪੰਚਮੀ ਦਾ ਤਿਉਹਾਰ ਜਿਉਂ-ਜਿਉਂ ਨੇੜੇ ਆ ਰਿਹਾ ਹੈ. ਤਿਉਂ-ਤਿਉਂ ਪਲਾਸਟਿਕ ਚਾਈਨਾ ਡੋਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਪਲਾਸਟਿਕ ਡੋਰ ਦਾ ਲੁੱਕ ਛਿੱਪ ਢੰਗ ਨਾਲ ਕਾਰੋਬਾਰ ਵੀ ਵਧਣ ਫੁੱਲਣ ਲੱਗਾ ਹੈ। ਬੇਸ਼ਕ ਪ੍ਰਸ਼ਾਸਨ ਨੇ ਪਲਾਸਟਿਕ ਚਾਈਨਾ ਡੋਰ ਦੀ ਵਿਕਰੀ ਅਤੇ ਇਸਤੇਮਾਲ ਤੋਂ ਪਾਬੰਦੀ ਲਾਈ ਹੋਈ ਹੈ, ਪ੍ਰੰਤੂ ਇਸਦੇ ਬਾਵਜੂਦ ਕਾਰੋਬਾਰੀ ਇਸਦਾ ਭੰਡਾਰਨ ਤੇ ਵੇਚਣ ਤੋਂ ਬਾਜ਼ ਨਹੀਂ ਆ ਰਹੇ ਹਨ। ਸਥਾਨਕ ਥਾਣਾ ਸਿਟੀ ਪੁਲਿਸ ਨੇ ਪਿਛਲੇ ਦਿਨੀਂ ਕੱਪੜੇ ਦੀ ਦੁਕਾਨ ਤੇ ਕਰਿੰਦੇ ਦੇ ਤੌਰ ’ਤੇ ਕੰਮ ਕਰਨ ਵਾਲੇ ਵਿਅਕਤੀ ਨੂੰ 30 ਗੁੱਟ ਚਾਈਨਾ ਪਲਾਸਟਿਕ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਲੁਧਿਆਣਾ ਤੋਂ ਇਹ ਪਲਾਸਟਿਕ ਡੋਰ ਲਿਆਇਆ ਸੀ, ਜਿਸਨੂੰ ਸੰਗਰੂਰ ਸ਼ਹਿਰ ’ਚ ਵੇਚਣ ਵਾਲਾ ਸੀ, ਪ੍ਰੰਤੂ ਪੁਲਿਸ ਨੂੰ ਜਿਵੇਂ ਹੀ ਇਸਦੀ ਭਿਣਕ ਲੱਗੀ ਤਾਂ ਪੁਲਿਸ ਨੇ ਉਸਨੂੰ ਡੋਰ ਸਮੇਤ ਗ੍ਰਿਫ਼ਤਾਰ ਕਰ ਲਿਆ। ਐੱਸਐੱਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਸਮੇਤ ਪੰਛੀਆਂ ਦੇ ਲਈ ਜਾਨਲੇਵਾ ਸਾਬਤ ਹੋ ਰਹੀ ਚਾਈਨਾ ਡੋਰ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਵਿਚ ਪੁਲਿਸ ਨੇ ਮੁਕੇਸ਼ ਵਾਲੀਆਂ ਉਰਫ ਬਾਵਾ ਨਿਵਾਸੀ ਮੈਗਜ਼ੀਨ ਮੁਹੱਲੇ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਦੇ ਕਬਜੇ ਵਿੱਚੋਂ ਚਾਈਨਾ ਡੋਰ ਦੇ 30 ਗੱਟੂ ਬਰਾਮਦ ਕੀਤੇ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਲੁਧਿਆਣਾ ਤੋਂ ਚਾਈਨਾ ਡੋਰ ਸੰਗਰੂਰ ਵਿਚ ਵੇਚਣ ਲਈ ਲਿਆਇਆ ਸੀ। ਉਹ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਹੈ ਤੇ ਪਹਿਲੀ ਵਾਰ ਹੀ ਪਲਾਸਟਿਕ ਡੋਰ ਦੀ ਖੇਪ ਲੈ ਕੇ ਆਇਆ ਸੀ। ਪੁਲਿਸ ਨੇ ਉਸਨੂੰ ਵਾਰ ਹੀਰੋਜ ਸਟੇਡੀਅਮ ਦੇ ਪਿੱਛੇ ਗਾਹਕਾਂ ਦੀ ਉਡੀਕ ਕਰਦਿਆਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।