ਪੁਰਾਣੇ-ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ' ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ
ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ' ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ
Publish Date: Mon, 06 Apr 2026 06:15 PM (IST)
Updated Date: Mon, 06 Apr 2026 06:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮੁਲਾਜ਼ਮਾਂ ਦੀਆਂ ਪ੍ਰਮੁੱਖ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ੀਲ ਜਥੇਬੰਦੀਆਂ ਤੇ ਅਧਾਰਿਤ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਮੋਗਾ ਸੂਬਾ ਕਮੇਟੀ ਮੀਟਿੰਗ ਵਿਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਮੋਰਚੇ ਦੇ ਪਟਿਆਲਾ ਯੂਨਿਟ ਦੀ ਅਹਿਮ ਮੀਟਿੰਗ ਮਿੰਨੀ ਸਕੱਤਰੇਤ ਦੇ ਪਾਰਕ ਵਿਚ ਕੀਤੀ ਗਈ। ਇਸ ਮੌਕੇ ਮੋਰਚੇ ਦੇ ਆਗੂਆਂ ਵਿਕਰਮਦੇਵ ਸਿੰਘ, ਅਤਿੰਦਰਪਾਲ ਘੱਗਾ ਅਤੇ ਹਰਦੀਪ ਟੋਡਰਪੁਰ ਨੇ ਕਿਹਾ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17 ਜੁਲਾਈ 2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ 15 ਫੀਸਦੀ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ, 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ (ਐਨਪੀਐਸ) ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ (ਓਪੀਐਸ) ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀ.ਪੀ. ਦਾ ਲਾਭ ਅਤੇ ਪੈਂਡਿੰਗ 16 ਫੀਸਦੀ ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਲਈ ਮੋਗਾ ਵਿਖ਼ੇ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਸੀ। ਇਸੇ ਕੜੀ ਤਹਿਤ ਅੱਜ ਮੋਰਚੇ ਦੀ ਪਟਿਆਲਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ 22 ਅਪ੍ਰੈਲ ਨੂੰ ਤਰਕਸ਼ੀਲ ਹਾਲ ਪਟਿਆਲਾ ਵਿਖੇ ਜਿਲ੍ਹਾ ਪੱਧਰੀ ਕਨਵੈਸ਼ਨ ਕੀਤੀ ਜਾਵੇਗੀ। ਜ਼ਿਲ੍ਹਾ ਆਗੂਆਂ ਸਤਪਾਲ ਸਮਾਣਵੀ ਅਤੇ ਦਾਨਿਸ਼ ਭੱਟੀ ਨੇ ਦੱਸਿਆ ਕਿ ਮੀਟਿੰਗ ਵਿੱਚ 17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਉਲੀਕੇ ਰੋਸ ਮਾਰਚ ਲਈ ਮੁੱਢਲੀ ਚਰਚਾ ਕੀਤੀ ਗਈ। ਜਿਸ ਸਬੰਧੀ ਕਨਵੈਨਸ਼ਨ ਉਪਰੰਤ ਜਿਲ੍ਹੇ ਵਿੱਚ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਲਈ 22 ਅਪ੍ਰੈਲ ਨੂੰ ਕਨਵੈਨਸ਼ਨ ਅਤੇ ਰੋਸ ਮਾਰਚ ਦੀ ਤਿਆਰੀ ਲਈ ਇਸ ਹਫਤੇ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਕੌਰ, ਗੁਰਧਿਆਨ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ, ਰਾਮਸ਼ਰਨ ਅਲੌਹਰਾਂ, ਹਰਵਿੰਦਰ ਬੇਲੂਮਾਜਰਾ, ਕ੍ਰਿਸ਼ਨ ਚੁਹਾਣਕੇ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਰਵਿੰਦਰ ਰਾਜਨ, ਨਰਿੰਦਰ ਸਿੰਘ ਅਤੇ ਦਿਲਬਾਗ ਸਿੰਘ ਹਾਜ਼ਰ ਰਹੇ।