ਨਰਸਿੰਗ ਸਟਾਫ ਦਾ ਧਰਨਾ ਦੂਜੇ ਦਿਨ ਵੀ ਜਾਰੀ, ਮੀਟਿੰਗ ਬੇਸਿੱਟਾ
ਨਰਸਿੰਗ ਸਟਾਫ ਦਾ ਧਰਨਾ ਦੂਜੇ ਦਿਨ ਵੀ ਜਾਰੀ, ਮੀਟਿੰਗ ਬੇਸਿੱਟਾ
Publish Date: Fri, 27 Mar 2026 06:38 PM (IST)
Updated Date: Fri, 27 Mar 2026 06:41 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਯੂਨਾਈਟਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦਾ ਨਰਸਿੰਗ ਸਟਾਫ ਆਪਣੀ 4600 ਰੁਪਏ ਪੇ ਗ੍ਰੇਡ ਦੀ ਮੰਗ ਨੂੰ ਲੈ ਕੇ ਦੂਜੇ ਦਿਨ ਵੀ ਧਰਨੇ ‘ਤੇ ਡਟਿਆ ਰਿਹਾ। ਜਦੋਂ ਕਿ ਦੂਜੇ ਪਾਸੇ ਯੂਨਾਈਟਡ ਨਰਸਿਜ ਐਸੋਸੀਏਸ਼ਨ ਦੇੋ ਨੁਮਾਇੰਦਿਆ ਦੀ ਉੱਚ ਅਧਿਕਾਰੀਆਂ ਨਾਲ ਹੋਈ ਬੈਠਕ ਬੇ-ਸਿੱਟਾ ਰਹੀ। ਹਸਪਤਾਲ ਦੀ ਓਪੀਡੀ ਦੇ ਬਾਹਰ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਰਿਹਾ ਤੇ 4600 ਪੇਅ ਗ੍ਰੇਡ ਦੀ ਮੰਗ ਕਰ ਰਿਹਾ ਹਸਪਤਾਲ ਦਾ ਲਗਪਗ 600 ਨਰਸਿੰਗ ਸਟਾਫ ਆਪਣੀਆਂ ਡਿਊਟੀਆਂ ਛੱਡ ਕੇ ਧਰਨੇ ’ਚ ਸ਼ਾਮਲ ਹੋਇਆ। ਹਸਪਤਾਲ ਪ੍ਰਸ਼ਾਸਨ ਨੇ ਕੰਮ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਪੁਰਾਣੇ ਨਰਸਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ। ਧਰਨੇ ਵਿੱਚ ਸਮੂਹ ਨਰਸਿੰਗ ਸਟਾਫ ਨੇ ਪੂਰੇ ਜੋਸ਼ ਅਤੇ ਇਕਜੁੱਟਤਾ ਨਾਲ ਭਾਗ ਲਿਆ ਅਤੇ ਆਪਣੀਆਂ ਮੰਗਾਂ ਪ੍ਰਤੀ ਅਡਿਗ ਰਹਿਣ ਦਾ ਸਪਸ਼ਟ ਫੈਸਲਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਰਕਾਰ ਵੱਲੋਂ ਐਸਮਾ ਐਕਟ ਲਾਗੂ ਕਰਕੇ ਨਰਸਿੰਗ ਸਟਾਫ ਦੀ ਜਾਇਜ਼ ਮੰਗਾਂ ਨੂੰ ਦਬਾਉਣ ਦੀ ਕੋਸ਼ਿਸ਼ ਦੀ ਕੜੀ ਨਿੰਦਾ ਕੀਤੀ। ਯੂਨਾਈਟਡ ਨਰਸਿਜ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸ਼ਤ ਜੁਝਾਰ ਸਿੰਘ ਨੇ ਦੱਸਿਆ ਕਿ ਅੱਜ ਸਰਕਾਰ ਵੱਲੋਂ ਯੂਨਾਈਟਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਰਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸੈਕਟਰੀਏਟ ਵਿੱਚ ਮੀਟਿੰਗ ਬੁਲਾਈ ਗਈ ਸੀ ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ ਤੇ ਸਰਕਾਰ ਦਾ ਰਵੱਈਆ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਟਾਲਮਟੋਲ ਕਰਨ ਵਾਲਾ ਲੱਗ ਰਿਹਾ ਹੈ। ਧਰਨੇ ’ਤੇ ਬੈਠੇ ਨਰਸਿੰਗ ਕੇਡਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਦਾ ਢੁਕਵਾਂ ਹੱਲ ਨਹੀਂ ਹੁੰਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਜੇਕਰ ਸਰਕਾਰ ਵੱਲੋਂ ਜਲਦੀ ਕੋਈ ਸਕਾਰਾਤਮਕ ਕਦਮ ਨਹੀਂ ਚੁੱਕਿਆ ਗਿਆ ਤਾਂ ਮਜਬੂਰਨ ਇਸ ਹੜਤਾਲ ਨੂੰ ਲੰਬੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਨਰਸਿੰਗ ਸਟਾਫ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਕਿਸੇ ਵੀ ਮਰੀਜ਼ ਨੂੰ ਹੋਣ ਵਾਲੇ ਨੁਕਸਾਨ ਲਈ ਪੂਰੀ ਤਰ੍ਹਾਂ ਸਰਕਾਰ ਜਿੰਮੇਵਾਰ ਹੋਵੇਗੀ।