ਨਰਸਾਂ ਦਾ ਧਰਨਾ 16ਵੇਂ ਦਿਨ ਵੀ ਜਾਰੀ
ਨਰਸ਼ਾਂ ਦਾ ਧਰਨਾ 16ਵੇਂ ਦਿਨ ਵੀ ਜਾਰੀ
Publish Date: Fri, 10 Apr 2026 04:29 PM (IST)
Updated Date: Fri, 10 Apr 2026 04:32 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸਟਾਫ ਨਰਸਿਜ਼ ਦੀ ਗ੍ਰੇਡ ਪੇ 4600 ਰੁਪਏ ਨੂੰ ਲੈ ਕੇ ਚੱਲ ਰਹੀ ਹੜਤਾਲ ਸ਼ੁੱਕਰਵਾਰ ਨੂੰ 16ਵੇਂ ਦਿਨ ਵੀ ਜਾਰੀ ਰਹੀ। ਨਰਸਿੰਗ ਸਟਾਫ ਵੱਲੋਂ ਅੱਜ ਦੇ ਦੋ ਘੰਟਿਆਂ ਦੇ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ ਪਰ ਦੇਰ ਰਾਤ ਡਾਇਰੈਕਟੋਰੇਟ ਆਫ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਵੱਲੋਂ ਸਿਹਤ ਮੰਤਰੀ ਨਾਲ ਮੀਟਿੰਗ ਤਹਿ ਕੀਤੇ ਜਾਣ ਕਾਰਨ ਐਸੋਸੀਏਸ਼ਨ ਨੇ ਇਹ ਪ੍ਰੋਗਰਾਮ ਅਗਲੀ ਰਣਨੀਤੀ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਦੌਰਾਨ ਅੱਜ ਸਮੂਹ ਨਰਸਿੰਗ ਕੈਡਰ ਵੱਲੋਂ ਸਿਹਤ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। p]fਕਰਯੋਗ ਹੈ ਕਿ ਬੀਤੇ ਦਿਨ ਸਿਹਤ ਮੰਤਰੀ ਵੱਲੋਂ ਨਰਸਿੰਗ ਸਟਾਫ ਖਿਲਾਫ ਕੜੀ ਕਾਰਵਾਈ ਕਰਨ ਤੇ ਕੰਮ ’ਤੇ ਨਾ ਪਰਤਣ ਕਾਰਨ ਤਨਖਾਹ ਨਾ ਦੇਣ ਦੇ ਬਿਆਨ ’ਤੇ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕੜੀ ਨਿੰਦਾ ਕੀਤੀ ਗਈ ਹੈ। ਯੂਨੀਅਨ ਦੇ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਮੰਤਰੀ ਦਾ ਇਹ ਬਿਆਨ ਤਾਨਾਸ਼ਾਹੀ ਸੋਚ ਨੂੰ ਦਰਸਾਉਂਦਾ ਹੈ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਸਟਾਫ ਨਰਸਿਜ਼ ਲਈ ਇੱਕ ਸਪੱਸ਼ਟ ਧਮਕੀ ਵਾਂਗ ਲੱਗਦਾ ਹੈ। ਪੂਰੇ ਨਰਸਿੰਗ ਕੈਡਰ ਵੱਲੋਂ ਇਸ ਤਰ੍ਹਾਂ ਦੇ ਰਵੱਈਏ ਦੀ ਘੋਰ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ, ਜੋ ਕਿ ਪੂਰੇ ਮੈਡੀਕਲ ਪ੍ਰੋਫੈਸ਼ਨ ਦੇ ਮੁਖੀ ਹਨ, ਵੱਲੋਂ ਇਸ ਕਿਸਮ ਦੇ ਬਿਆਨ ਦੇਣਾ ਬਿਲਕੁਲ ਵੀ ਉਚਿਤ ਨਹੀਂ ਹੈ। ਇਹ ਨਰਸਿੰਗ ਕੈਡਰ ਪ੍ਰਤੀ ਉਨ੍ਹਾਂ ਦੀ ਅਣਗਹਿਲੀ ਅਤੇ ਵਿਰੋਧਾਤਮਕ ਸੋਚ ਨੂੰ ਦਰਸਾਉਂਦਾ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਪ੍ਰੋਫੈਸ਼ਨ ਆਪਣੀ ਇੱਜ਼ਤ ਦੇ ਖਿਲਾਫ਼ ਹੋ ਰਹੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਹੜਤਾਲ ’ਤੇ ਬੈਠੀਆਂ ਸਟਾਫ ਨਰਸਿਜ਼ ਸਿਰਫ ਆਪਣੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ।