ਨਰਸ਼ਾ ਦਾ ਧਰਨਾ 15ਵੇਂ ਦਿਨ ’ਚ ਦਾਖਲ
ਨਰਸ਼ਾ ਦਾ ਧਰਨਾ 15ਵੇਂ ਦਿਨ ’ਚ ਦਾਖਲ
Publish Date: Thu, 09 Apr 2026 07:37 PM (IST)
Updated Date: Fri, 10 Apr 2026 04:15 AM (IST)

ਮਰੀਜ਼ਾਂ ਨੂੰ ਛੱਡਿਆ ਵਿਦਿਆਰਥੀਆਂ ਹਵਾਲੇ : ਨਰਸਿੰਗ ਯੂਨੀਅਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ- ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਸਟਾਫ ਨਰਸਾਂ ਵੱਲੋਂ ਆਪਣੀ 4600 ਗ੍ਰੇਡ ਪੇ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਪੱਕਾ ਧਰਨਾ ਪੰਦਰਵੇਂ ਦਿਨ ਜਾਰੀ ਰਿਹਾ। ਅੱਜ ਸਮੂਹ ਨਰਸਿੰਗ ਸਟਾਫ ਵੱਲੋਂ ਨਰਸਿੰਗ ਸੁਪਰਡੈਂਟ ਅਤੇ ਵਿਦਿਆਰਥੀਆਂ ਦੇ ਕਾਲਜ ਪ੍ਰਿੰਸੀਪਲ ਨੂੰ ਹਸਪਤਾਲ ਵਿੱਚ ਵਿਦਿਆਰਥੀਆਂ ਦੁਆਰਾ ਬਿਨਾਂ ਦੇਖ ਰੇਖ ਹੋ ਰਹੀਆਂ ਸਿਹਤ ਸੇਵਾਵਾਂ ਨੂੰ ਬੰਦ ਕਰਵਾਉਣ ਲਈ ਕਿਹਾ ਗਿਆ। ਸਮੂਹ ਸਟਾਫ ਦਾ ਕਹਿਣਾ ਹੈ ਕਿ ਹਸਪਤਾਲ ’ਚ ਭਰਤੀ ਹੋਏ ਮਰੀਜ਼ਾਂ ਨੂੰ ਵਿਦਿਆਰਥੀਆਂ ਦੇ ਸਹਾਰੇ ਛੱਡਿਆ ਹੋਇਆ ਹੈ। ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਚੱਲ ਰਹੀ ਨਰਸਿੰਗ ਸਟਾਫ ਦੀ ਹੜਤਾਲ ਦੇ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਵੀ ਸੰਪਰਕ ਨਹੀਂ ਕੀਤਾ ਜਾ ਰਿਹਾ ਅਤੇ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਵੀ ਸਟਾਫ ਨਰਸਿਜ ਨੂੰ ਕੋਈ ਵੀ ਸਮਰਥਨ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਨਰਸਿਜ ਸਟਾਫ ਵੱਲੋਂ ਦਾਖਲ ਮਰੀਜਾ ਦੇ ਰਿਸ਼ਤੇਦਾਰਾਂ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਬਿਨਾਂ ਤਜਰਬੇ ਦੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰ ਕੇ ਮਰੀਜ਼ਾਂ ਦੀ ਸਿਹਤ ਨੂੰ ਹਾਨੀ ਹੋ ਸਕਦੀ ਹੈ। ਰੋਸ ਪ੍ਰਦਰਸਨ ਕਰਦੇ ਨਰਸਿੰਗ ਸਟਾਫ ਵੱਲੋਂ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ ਗਿਆ ਅਤੇ ਹਸਪਤਾਲ ’ਚ ਨਾਰੇ ਲਾ ਕੇ ਰੋਸ ਮਾਰਚ ਕੀਤਾ ਗਿਆ। ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੇ ਸਮੂਹ ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਰਵੱਈਏ ਨਾਲ ਚੱਲ ਰਹੀ ਹੜਤਾਲ ਦਾ ਤਿਆਗ ਕਰਦੇ ਹੋਏ ਹੁਣ ਸਾਡੇ ਵੱਲੋਂ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਸੀਂ ਆਪਣੀ 4600 ਗ੍ਰੇਡ ਪੇ ਦੀ ਹੱਕੀ ਮੰਗ ਨੂੰ ਹਾਸਿਲ ਕੀਤੇ ਬਿਨਾਂ ਹੜਤਾਲ ਦੀ ਸਮਾਪਤੀ ਨਹੀਂ ਕਰਾਂਗੇ।