ਨਰਸਿੰਗ ਸਟਾਫ ਵੱਲੋਂ ਰਾਜਿੰਦਰਾ ਹਸਪਤਾਲ ’ਚ ਕੀਤਾ ਰੋਸ਼ ਪ੍ਰਦਰਸ਼ਨ
ਨਰਸਿੰਗ ਸਟਾਫ ਵੱਲੋਂ ਰਾਜਿੰਦਰਾ ਹਸਪਤਾਲ ’ਚ ਕੀਤਾ ਰੋਸ਼ ਪ੍ਰਦਰਸਨ
Publish Date: Thu, 26 Mar 2026 04:53 PM (IST)
Updated Date: Thu, 26 Mar 2026 04:56 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਭਰ ਦੇ ਮੈਡੀਕਲ ਸਿੱਖਿਆ ਵਿਭਾਗ ਦੇ ਨਰਸਿੰਗ ਸਟਾਫ ਵੱਲੋਂ 4600 ਗ੍ਰੇਡ ਪੇ ਦੀ ਬਹਾਲੀ ਦੀ ਮੰਗ ਦੇ ਹੱਕ ਵਿਚ ਵੀਰਵਾਰ ਨੂੰ ਸੂਬਾ-ਪੱਧਰੀ ਹੜਤਾਲ ਕਰਕੇ ਰੋਸ਼ ਪ੍ਰਦਰਸਨ ਕੀਤਾ ਗਿਆ। ਇਸ ਦੌਰਾਨ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਨਰਸਿੰਗ ਸਟਾਫ ਵੱਲੋਂ ਸਵੇਰੇ 10 ਵਜੇ ਤੋਂ ਹੀ ਓਪੀਡੀ ਬਿਲਡਿੰਗ ਸਾਹਮਣੇ ਅਮਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੜਤਾਲ ਦੇ ਪਹਿਲਾਂ ਤੋਂ ਦਿੱਤੇ ਅਲਟੀਮੇਟਮ ਦੇ ਮੱਦੇਨਜ਼ਰ 25 ਮਾਰਚ ਨੂੰ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਇਕ ਆਰਡਰ ਜਾਰੀ ਕਰਕੇ ਐਸਮਾ ਐਕਟ ਲਾਗੂ ਕੀਤਾ ਗਿਆ ਪਰ ਇਸਦਾ ਨਰਸਿੰਗ ਸਟਾਫ ‘ਤੇ ਕੋਈ ਅਸਰ ਨਹੀਂ ਦਿਖਿਆ ਤੇ ਨਰਸਿੰਗ ਸਟਾਫ ਧਰਨੇ ’ਤੇ ਬੈਠ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜੁਝਾਰ ਸਿੰਘ ਨੇ ਆਖਿਆ ਕਿ ਇਹ ਹੜਤਾਲ ਅਚਾਨਕ ਨਹੀਂ ਕੀਤੀ ਗਈ, ਬਲਕਿ ਪਿਛਲੇ ਲਗਭਗ 5-6 ਸਾਲਾਂ ਤੋਂ ਨਰਸਿੰਗ ਸਟਾਫ ਵੱਲੋਂ ਆਪਣੀ ਜਾਇਜ਼ ਮੰਗ ਅਤੇ ਸਰਕਾਰ ਵੱਲੋਂ ਗੈਰ-ਸੰਵਿਧਾਨਕ ਢੰਗ ਨਾਲ ਘਟਾਏ ਗਏ ਗ੍ਰੇਡ ਪੇ ਸਬੰਧੀ ਵੱਖ-ਵੱਖ ਸਰਕਾਰਾਂ ਅੱਗੇ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਪਰ ਨਾ ਪਿਛਲੀਆਂ ਸਰਕਾਰਾਂ ਅਤੇ ਨਾ ਹੀ ਮੌਜੂਦਾ ਸਰਕਾਰ ਨੇ ਇਸ ਮੰਗ ਵੱਲ ਕੋਈ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੋ ਚੁੱਕੀਆਂ ਕਈ ਮੀਟਿੰਗਾਂ ਵਿੱਚ ਮੰਨ ਚੁੱਕੀ ਹੈ ਕਿ ਨਰਸਿੰਗ ਕੈਡਰ ਦੀ 4600 ਗ੍ਰੇਡ ਪੇ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਹੈ, ਪਰ ਇਸ ਦੇ ਬਾਵਜੂਦ ਹੱਲ ਕਰਨ ਦੀ ਬਜਾਏ ਸਰਕਾਰ ਐਸਮਾ ਵਰਗੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਾਡੀ ਲੜਾਈ ਆਰ-ਪਾਰ ਦੀ ਹੈ ਤੇ ਜੇਕਰ ਸਰਕਾਰ ਨੇ ਸਾਡੀ ਮੰਗ ਮੰਨ ਕੇ 4600 ਗ੍ਰੇਡ ਪੇ ਲਾਗੂ ਨਹੀਂ ਕੀਤੀ ਤਾਂ ਇਹ ਧਰਨਾ ਹੋਰ ਵੀ ਤੀਖਾ ਹੋਵੇਗਾ। ਜੁਝਾਰ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਹੜਤਾਲ ਤੋ‘ ਪਹਿਲਾ ਤਿੰਨ ਰਿਮਾਈਂਡਰ ਦਿੱਤੇ ਅਤੇ 19 ਮਾਰਚ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਨਾਲ ਮੀਟਿੰਗ ਵੀ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਬੁੱਧਵਾਰ ਦੇਰ ਰਾਤ ਸਾਡੇ ਤੇ ‘ਐਸਮਾ’ ਵੀ ਲਗਾਇਆ ਹੈ । ਮਾਨ ਨੇ ਕਿਹਾ ਕਿ ਪੰਜਾਬ ਦੀਆਂ ਨਰਸਾਂ ਹਰਿਆਣਾ ਵਰਗੇ ਗੁਆਂਢੀ ਰਾਜਾਂ ਦੇ ਮੁਕਾਬਲੇ ਪ੍ਰਤੀ ਮਹੀਨਾ 15,000-20,000 ਰੁਪਏ ਘੱਟ ਕਮਾ ਰਹੀਆਂ ਹਨ ਪਰ ਕੰਮ ਬਰਾਬਰ ਕੀਤਾ ਜਾ ਰਿਹਾ ਹੈ। ਐਸੋਸ਼ੀਏਸਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ ਤੇ ਜੇਕਰ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ ਧਰਨਾ ਵੱਡਾ ਸੰਘਰਸ ਦਾ ਰੂਪ ਲਵੇਗਾ।