ਚੇਤਾਵਨੀ ਦੇ ਬਾਵਜੂਦ ਹੜਤਾਲ ਪੰਜਵੇਂ ਦਿਨ ਵੀ ਜਾਰੀ
ਚੇਤਾਵਨੀ ਦੇ ਬਾਵਜੂਦ ਹੜਤਾਲ ਪੰਜਵੇਂ ਦਿਨ ਵੀ ਜਾਰੀ
Publish Date: Mon, 30 Mar 2026 05:50 PM (IST)
Updated Date: Mon, 30 Mar 2026 05:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਸਟਾਫ ਨਰਸਿਜ਼ ਦੀ ਸੂਬਾ ਪੱਧਰੀ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਭਾਵੇਂ ਸਰਕਾਰ ਵੱਲੋਂ ਐਸਮਾ ਐਕਟ ਦੇ ਅਧੀਨ ਸਟਾਫ ਨਰਸਿਜ ਨੂੰ ਡਿਊਟੀ ਜੁਆਇਨ ਕਰਨ ਲਈ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਫਿਰ ਵੀ ਪੂਰਾ ਨਰਸਿੰਗ ਕੈਡਰ ਆਪਣੀਆਂ ਜਾਇਜ਼ ਮੰਗਾਂ ਲਈ ਧਰਨੇ ਉੱਤੇ ਡਟਿਆ ਰਿਹਾ। ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆੱਫ ਪੰਜਾਬ ਦੇ ਸੂਬਾ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇਂ ਕਿਸਾਨ ਮਜਦੂਰ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨਾਲ ਮੀਟਿੰਗ ਕੀਤੀ। ਜਿਸ ਵਿਚ ਉਨ੍ਹਾਂ ਨੇਂ ਸਰਕਾਰ ਵੱਲੋਂ ਨਰਸਿੰਗ ਕੇਡਰ ਦੇ ਜਾਇਜ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਤੇ ਐਸਮਾਂ ਐਕਟ ਲਗਾਉਣ ਅਤੇ ਐਕਸ਼ਨ ਲੈਣ ਵਰਗੀਆਂ ਚਿੱਠੀਆਂ ਕੱਢਣ ਦੇ ਸਰਕਾਰ ਦੇ ਕੱਦਮਾਂ ਦੀ ਨਿਖੇਦੀ ਕੀਤੀ। ਨਰਸਿੰਗ ਕੇਡਰ ਦੀ ਮੰਗ ਨੂੰ ਬਿਲਕੁਲ ਜਾਇਜ ਠਹਿਰਾਉਂਦੇ ਹੋਏ ਐਸੋਸੀਏਸ਼ਨ ਦੇ ਪੁਰਜੋਰ ਸਮੱਰਥਨ ਦਾ ਐਲਾਨ ਕਰ ਦਿੱਤਾ ਅਤੇ ਕੇਡਰ ਦੇ ਇਸ ਮੁੱਦੇ ਨੂੰ ਆਲ ਇੰਡੀਆ ਕਿਸਾਨ ਯੂਨੀਅਨ ਦੀ ਅੱਜ ਹਰਿਆਣਾਂ ਵਿਖੇ ਹੋਣ ਵਾਲੀ ਮੀਟਿੰਗ ’ਚ ਵੀ ਵਿਚਾਰਨ ਦਾ ਭਰੋਸਾ ਦਿੱਤਾ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਧਰਨੇ ’ਚ ਸ਼ਿਰਕਤ ਕਰਕੇ ਸਟਾਫ ਨਰਸਿਜ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਨਰਸਿੰਗ ਸਟਾਫ ਨੂੰ ਆਪਣੀਆਂ ਹੱਕੀ ਮੰਗਾਂ ਲਈ ਡਟੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਮਰੀਜ਼ ਮਿੱਤਰਾਂ ਦੇ ਪ੍ਰਧਾਨ ਗੁਰਮੁਖ ਗੁਰੂ ਵੱਲੋਂ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਨੇ ਸਟਾਫ ਨਰਸਿਜ਼ ਦੇ ਹੌਂਸਲੇ ਨੂੰ ਵਧਾਉਂਦੇ ਹੋਏ ਸ਼ਹੀਦ ਭਗਤ ਸਿੰਘ ਜੀ ਤੋਂ ਪ੍ਰੇਰਣਾ ਲੈ ਕੇ ਆਪਣੇ ਫੈਸਲੇ ਉੱਤੇ ਡਟੇ ਰਹਿਣ ਦੀ ਅਪੀਲ ਕੀਤੀ। ਅੰਤ ਵਿੱਚ, ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਡੀ.ਆਰ.ਐਮ.ਈ. ਵੱਲੋਂ ਜਾਰੀ ਕੀਤੀ ਗਈ ਐਸਮਾ ਸੰਬੰਧੀ ਚਿੱਠੀ ਦਾ ਯੋਗ ਅਤੇ ਤਰਕਸੰਗਤ ਜਵਾਬ ਵੀ ਭੇਜਿਆ ਗਿਆ ਹੈ।