- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਦਾ ਸ਼ਾਨੋ-ਸ਼ੌਕਤ ਨਾਲ਼ ਆਗਾਜ਼

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਅਕਾਲ ਕਾਲਜ ਆਫ਼ ਫਿਜੀਕਲ ਐਜ਼ੂਕੇਸ਼ਨ, ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਿਗਰਾਨੀ ਤੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਪੰਜ ਰੋਜ਼ਾ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ (ਮੈੱਨ) ਚੈਂਪੀਅਨਸ਼ਿਪ ਦਾ ਸੋਮਵਾਰ ਨੂੰ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋ ਗਿਆ। ਉਦਘਾਟਨ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ।ਸਮਾਗਮ ਦੀ ਸ਼ੁਰੂਆਤ ਅਕਾਲ ਡਿਗਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਵਿੱਤਰ ਸ਼ਬਦ-ਕੀਰਤਨ ਨਾਲ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸਵਾਗਤੀ ਭਾਸ਼ਣ ਦੌਰਾਨ ਅਕਾਲ ਕਾਲਜ ਕੌਂਸਲ ਅਧੀਨ ਸੰਸਥਾਵਾਂ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਨਾਲ ਹੀ ਆਉਟਸਟੈਂਡਿੰਗ ਸੀਟਾਂ' ਨੂੰ ਮੁੜ ਬਹਾਲ ਕਰਨ ਦੀ ਅਹਿਮ ਮੰਗ ਰੱਖੀ। ਏ.ਆਈ.ਯੂ. ਵੱਲੋਂ ਨਿਯੁਕਤ ਆਬਜ਼ਰਵਰ ਡਾ. ਐਸ. ਸੁਧਾਕਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਸੀਡੀਐੱਲ ਯੂਨੀਵਰਸਿਟੀ ਸਿਰਸਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਆਫ ਜੰਮੂ ਨੂੰ 36-19 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਦਿਨ ਦਾ ਸਭ ਤੋਂ ਫ਼ਸਵਾਂ ਅਤੇ ਰੋਮਾਂਚਕ ਮੁਕਾਬਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਪ੍ਰਯਾਗਰਾਜ ਯੂਨੀਵਰਸਿਟੀ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ 22-20 ਦੇ ਮਾਮੂਲੀ ਅੰਤਰ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਕਾਨਪੁਰ ਯੂਨੀਵਰਸਿਟੀ ਨੇ ਯੂਨੀਵਰਸਿਟੀ ਆਫ ਅਲਾਹਾਬਾਦ ਨੂੰ 17-8 ਨਾਲ ਪਛਾੜ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਯੂਨੀਵਰਸਿਟੀ ਆਫ ਦਿੱਲੀ ਨੇ ਗਡਵਾਸੂ ਯੂਨੀਵਰਸਿਟੀ ਲੁਧਿਆਣਾ ਉੱਪਰ ਪੂਰੀ ਤਰ੍ਹਾਂ ਦਬਦਬਾ ਬਣਾਉਂਦੇ ਹੋਏ 37-14 ਦੇ ਵੱਡੇ ਸਕੋਰ ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਇੱਕ ਹੋਰ ਅਹਿਮ ਮੁਕਾਬਲੇ ਵਿੱਚ ਕਮਾਓ ਯੂਨੀਵਰਸਿਟੀ ਨੈਨੀਤਾਲ ਨੇ ਅਲੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ 17-09 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ।
ਇਸ ਮੌਕੇ ਡਾ. ਭੁਪਿੰਦਰ ਸਿੰਘ ਪੂਨੀਆ, ਰਾਜੇਸ਼ ਛਿੱਬਰ ਐੱਸਪੀ ਸੰਗਰੂਰ, ਗੁਰਜੰਟ ਸਿੰਘ ਦੁੱਗਾਂ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਹਰਜੀਤ ਸਿੰਘ ਸਜੂਮਾਂ, ਬਹਾਦਰ ਸਿੰਘ ਭਸੌੜ, ਡਾ. ਮਹਿੰਦਰਪਾਲ ਕੌਰ ਡਿਪਟੀ, ਹਰਮਨਜੀਤ ਸਿੰਘ ਮੈਨੇਜਰ, ਡਾਇ. ਸਪੋਰਟਸ, ਡਾ. ਗੁਰਸ਼ਰਨ ਸਿੰਘ ਗਿੱਲ ਖਜਾਨਜੀ ਇੰਡੀਅਨ ਫੈਡਰੇਸ਼ਨ, ਪ੍ਰਿੰ. ਡਾ. ਗੀਤਾ ਠਾਕੁਰ, ਪ੍ਰਿੰ. ਡਾ. ਅਮਨਦੀਪ ਕੌਰ, ਪ੍ਰਿ. ਡਾ. ਵਿਜੈ ਪਲਾਹਾ, ਪ੍ਰਿ. ਡਾ. ਸੁਖਦੀਪ ਕੌਰ, ਪ੍ਰਿ. ਰਾਜਵਿੰਦਰਪਾਲ ਸਿੰਘ, ਡਾ. ਜਤਿੰਦਰ ਦੇਵ, ਡਾ. ਨਿਰਪਜੀਤ ਸਿੰਘ, ਪ੍ਰੋ. ਮੇਜਰ ਸਿੰਘ, ਪ੍ਰੋ. ਰਣਧੀਰ ਸ਼ਰਮਾਂ, ਪ੍ਰੋ. ਸੁਖਵਿੰਦਰ ਸਿੰਘ ਮਾਨ, ਪ੍ਰੋ. ਸੋਹਨਦੀਪ ਸਿੰਘ, ਪ੍ਰੋ. ਰਾਜਵਿੰਦਰ ਸਿੰਘ ਧਨੌਲਾ, ਪ੍ਰੋ. ਰਜਨ, ਪ੍ਰੋ. ਰਮਨਦੀਪ ਕੌਰ ਹਾਜ਼ਰ ਸਨ।