ਸਾਫ਼-ਸੁਥਰੇ ਅਕਸ ਵਾਲੇ ਚਿਹਰਿਆਂ ਨੂੰ ਟਿਕਟਾਂ ਦੇਣ ਦੇ ਫੈਸਲੇ ਦੀ ਸ਼ਲਾਘਾ : ਨਿਰਮਲ ਭੱਟੀਆਂ
ਸਾਫ਼-ਸੁਥਰੇ ਅਕਸ ਵਾਲੇ ਚਿਹਰਿਆਂ ਨੂੰ ਟਿਕਟਾਂ ਦੇਣ ਦੇ ਫੈਸਲੇ ਦੀ ਭਰਪੂਰ ਸ਼ਲਾਘਾ: ਨਿਰਮਲ ਭੱਟੀਆਂ
Publish Date: Sat, 03 Jan 2026 09:06 PM (IST)
Updated Date: Sat, 03 Jan 2026 09:08 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 70 ਟਿਕਟਾਂ ਨਵੇਂ, ਸਾਫ਼-ਸੁਥਰੇ ਅਤੇ ਜ਼ਮੀਨੀ ਪੱਧਰ ’ਤੇ ਸਰਗਰਮ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ। ਰਾਜਾ ਵਡ਼ਿੰਗ ਦੇ ਇਸ ਫੈਸਲੇ ਦੀ ਹਲਕਾ ਸਨੌਰ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸੇ ਤਹਿਤ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਨਿਮਰਲ ਸਿੰਘ ਭੱਟੀਆ ਵੱਲੋਂ ਸਨੌਰ ਵਿੱਚ ਮਹੱਤਵਪੂਰਨ ਬੈਠਕ ਕੀਤੀ ਗਈ। ਬੈਠਕ ਵਿੱਚ ਕਾਂਗਰਸ ਪਾਰਟੀ ਦੇ ਬਲਾਕ ਪੱਧਰੀ ਆਗੂ, ਯੂਥ ਕਾਂਗਰਸ, ਮਹਿਲਾ ਕਾਂਗਰਸ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਰਹੇ। ਨਿਮਰਲ ਸਿੰਘ ਭੱਟੀਆਂ ਨੇ ਕਿਹਾ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਵੱਲੋਂ 2027 ਦੀਆਂ ਚੋਣਾਂ ਵਿੱਚ 70 ਟਿਕਟਾਂ ਨਵੇਂ ਚਿਹਰਿਆਂ ਨੂੰ ਦੇਣ ਦਾ ਐਲਾਨ ਕਾਂਗਰਸ ਪਾਰਟੀ ਵਿੱਚ ਨਵੀਂ ਉਰਜਾ ਭਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਜਮੀਨੀ ਪੱਧਰ ’ਤੇ ਮਿਹਨਤ ਕਰ ਰਹੇ ਵਰਕਰ ਹੁਣ ਆਪਣੇ ਆਪ ਨੂੰ ਅਣਡਿੱਠਾ ਮਹਿਸੂਸ ਨਹੀਂ ਕਰਨਗੇ। ਭੱਟੀਆਂ ਨੇ ਦਾਅਵਾ ਕੀਤਾ ਕਿ ਨਵੇਂ ਅਤੇ ਇਮਾਨਦਾਰ ਚਿਹਰਿਆਂ ਨੂੰ ਅੱਗੇ ਲਿਆਉਣ ਨਾਲ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਾ ਵਡ਼ਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪਰਿਵਾਰਵਾਦ ਅਤੇ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਸੱਚੀ ਮਿਹਨਤ ਕਰਨ ਵਾਲਿਆਂ ਨੂੰ ਮੌਕਾ ਦੇ ਰਹੀ ਹੈ, ਜੋ ਖ਼ਾਸ ਕਰ ਕੇ ਨੌਜਵਾਨਾਂ ਲਈ ਪ੍ਰੇਰਨਾ ਸਾਬਤ ਹੋਵੇਗੀ। ਬੈਠਕ ਦੌਰਾਨ ਵਰਕਰਾਂ ਨੇ ਇਕਸੁਰ ਵਿੱਚ ਕਿਹਾ ਕਿ ਜੇਕਰ ਨਵੇਂ ਚਿਹਰਿਆਂ ਨੂੰ ਟਿਕਟਾਂ ਮਿਲਦੀਆਂ ਹਨ ਤਾਂ ਆਮ ਲੋਕਾਂ ਦਾ ਭਰੋਸਾ ਮੁਡ਼ ਕਾਂਗਰਸ ਪਾਰਟੀ ’ਤੇ ਬਣੇਗਾ। ਉਨ੍ਹਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਕਾਂਗਰਸ ਦਾ ਇਹ ਕਦਮ ਉਸੇ ਦਿਸ਼ਾ ਵੱਲ ਵਧਦਾ ਹੋਇਆ ਦਿਸ ਰਿਹਾ ਹੈ। ਨਿਮਰਲ ਸਿੰਘ ਭੱਟੀਆ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੀ ਨੀਤੀ, ਪ੍ਰੋਗਰਾਮਾਂ ਅਤੇ ਨਵੇਂ ਚਿਹਰਿਆਂ ਦੇ ਸੁਨੇਹੇ ਨੂੰ ਘਰ-ਘਰ ਤਕ ਪਹੁੰਚਾਉਣ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰ ਸਕੇ। ਇਸ ਮੌਕੇ ਸਰਵਣ ਸਿੰਘ ਸਾਬਕਾ ਚੇਅਰਮੈਨ, ਤੀਰਥ ਸਿੰਘ ਸਰਪੰਚ, ਕੁਲਦੀਪ ਸਿੰਘ ਕਾਲਾ ਸਾਬਕਾ ਐੱਮ.ਸੀ ਸਨੌਰ, ਰਾਮ ਵਾਲੀਆ, ਗੁਰਮੀਤ ਬਾਵਾ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ।