ਨਿਰਮਾਣ ਸਮੱਗਰੀ ਦੇ ਰੇਟਾਂ ਵਿੱਚ ਭਾਰੀ ਵਾਧਾ, ਭੱਠਾ ਮਾਲਕਾਂ ਅਤੇ ਆਮ ਜਨਤਾ ਦੀਆਂ ਮੁਸ਼ਕਲਾਂ ਵਧੀਆਂ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਇਲਾਕੇ ’ਚ ਪਿਛਲੇ ਕੁਝ ਸਮੇਂ ਦੌਰਾਨ ਨਿਰਮਾਣ ਸਮੱਗਰੀ ਦੇ ਰੇਟਾਂ ’ਚ ਹੋਏ ਭਾਰੀ ਵਾਧੇ ਨੇ ਭੱਠਾ ਮਾਲਕਾਂ ਅਤੇ ਆਮ ਜਨਤਾ ਦੋਵਾਂ ਦੀ ਚਿੰਤਾ ਵਧਾ ਦਿੱਤੀ ਹੈ। ਮਿੱਟੀ, ਕੋਲਾ ਤੇ ਇੱਟਾਂ ਦੀਆਂ ਕੀਮਤਾਂ ’ਚ ਆਏ ਇਸ ਵਾਧੇ ਕਾਰਨ ਘਰ ਬਣਾਉਣ ਤੇ ਹੋਰ ਨਿਰਮਾਣ ਕੰਮਾਂ ਦਾ ਖਰਚਾ ਕਾਫੀ ਵਧ ਗਿਆ ਹੈ, ਜਿਸ ਨਾਲ ਲੋਕਾਂ ਦੀ ਜੇਬ ’ਤੇ ਵੱਡਾ ਬੋਝ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਤੱਕ ਮਿੱਟੀ ਦੇ ਇਕ ਟਿੱਪਰ ਦਾ ਰੇਟ ਕਰੀਬ 5000 ਰੁਪਏ ਹੁੰਦਾ ਸੀ, ਪਰ ਹੁਣ ਇਹ ਰੇਟ ਵੱਧ ਕੇ ਲਗਭਗ 10000 ਰੁਪਏ ਪ੍ਰਤੀ ਟਿੱਪਰ ਹੋ ਗਿਆ ਹੈ। ਇਸ ਤਰ੍ਹਾਂ ਮਿੱਟੀ ਦੇ ਰੇਟ ਵਿਚ ਲਗਭਗ ਦੋਗੁਣਾ ਵਾਧਾ ਹੋ ਗਿਆ ਹੈ। ਇਸੇ ਤਰ੍ਹਾਂ ਕੋਲੇ ਦੀ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ। ਕੋਲੇ ਦੀ ਕੀਮਤ ’ਚ ਵਾਧਾ ਹੋਣ ਨਾਲ ਭੱਠਿਆਂ ਵਿਚ ਇੱਟਾਂ ਤਿਆਰ ਕਰਨ ਦੀ ਲਾਗਤ ਵਿਚ ਵੀ ਕਾਫੀ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਇੱਟਾਂ ਦੀਆਂ ਕੀਮਤਾਂ ’ਚ ਵੀ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਇੱਟਾਂ ਦਾ ਰੇਟ ਕਰੀਬ 6500 ਰੁਪਏ ਪ੍ਰਤੀ ਹਜ਼ਾਰ ਸੀ, ਪਰ ਹੁਣ ਇਹ ਰੇਟ ਵੱਧ ਕੇ 8500 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਗਿਆ ਹੈ। ਇੱਟਾਂ ਦੇ ਰੇਟ ਵਧਣ ਨਾਲ ਘਰ ਬਣਾਉਣ ਦਾ ਕੁੱਲ ਖਰਚਾ ਕਾਫੀ ਵਧ ਗਿਆ ਹੈ, ਜਿਸ ਕਾਰਨ ਆਮ ਲੋਕਾਂ ਲਈ ਨਵਾਂ ਘਰ ਬਣਾਉਣਾ ਜਾਂ ਕੋਈ ਨਿਰਮਾਣ ਕੰਮ ਕਰਵਾਉਣਾ ਪਹਿਲਾਂ ਨਾਲੋਂ ਕਾਫੀ ਮਹਿੰਗਾ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਸਮੱਗਰੀ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਈ ਲੋਕਾਂ ਨੇ ਆਪਣੇ ਘਰਾਂ ਦੇ ਨਿਰਮਾਣ ਦੇ ਕੰਮ ਅਸਥਾਈ ਤੌਰ ’ਤੇ ਰੋਕ ਦਿੱਤੇ ਹਨ। ਕਈ ਥਾਵਾਂ ’ਤੇ ਨਿਰਮਾਣ ਕੰਮ ਦੀ ਰਫ਼ਤਾਰ ਵੀ ਹੌਲੀ ਪੈ ਗਈ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ’ਚ ਘਰ ਬਣਾਉਣਾ ਆਮ ਆਦਮੀ ਲਈ ਹੋਰ ਵੀ ਔਖਾ ਹੋ ਸਕਦਾ ਹੈ। ਦੂਜੇ ਪਾਸੇ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿੱਟੀ, ਕੋਲਾ, ਮਜ਼ਦੂਰੀ ਅਤੇ ਟਰਾਂਸਪੋਰਟ ਦੇ ਖਰਚੇ ਵਿੱਚ ਵਾਧਾ ਹੋਣ ਕਾਰਨ ਇੱਟਾਂ ਬਣਾਉਣ ਦੀ ਲਾਗਤ ਕਾਫੀ ਵਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਧ ਰਹੀ ਲਾਗਤ ਕਾਰਨ ਮਜਬੂਰੀ ਵੱਸ ਇੱਟਾਂ ਦੇ ਰੇਟ ਵਧਾਉਣ ਪਏ ਹਨ, ਨਹੀਂ ਤਾਂ ਭੱਠਾ ਚਲਾਉਣਾ ਹੀ ਮੁਸ਼ਕਲ ਹੋ ਜਾਂਦਾ। ਭੱਠਾ ਮਾਲਕਾਂ ਅਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਰਮਾਣ ਸਮੱਗਰੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ।ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਕੋਈ ਹੱਲ ਕੱਢੇਗੀ ਤਾਂ ਜੋ ਭੱਠਾ ਉਦਯੋਗ ਅਤੇ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।