ਔਰਤਾਂ ਦੇ ਹੱਕਾਂ ਦੀ ਰਕਮ ਤੁਰੰਤ ਜਾਰੀ ਹੋਵੇ: ਝਿੰਜਰ
ਮਹਿਲਾਵਾਂ ਦੇ ਹੱਕਾਂ ਦੀ ਰਕਮ ਤੁਰੰਤ ਜਾਰੀ ਹੋਵੇ: ਝਿੰਜਰ
Publish Date: Thu, 05 Mar 2026 03:54 PM (IST)
Updated Date: Thu, 05 Mar 2026 03:56 PM (IST)

ਕਰਮਵੀਰ ਸਿੰਘ ਮਰਦਾਂਪੁਰ,ਪੰਜਾਬੀ ਜਾਗਰਣ, ਘਨੌਰ: ਹਲਕਾ ਘਨੌਰ ਵਿਚ ‘ਜਨ ਸੰਪਰਕ ਅਭਿਆਨ’ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਪਰਮਿੰਦਰ ਕੌਰ ਝਿੰਜਰ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਬੀਬੀ ਪਰਮਿੰਦਰ ਕੌਰ ਝਿੰਜਰ ਨੇ ਲੱਖੋ ਮਾਜਰਾ, ਘੁਮਾਣਾ, ਸ਼ਾਹਪੁਰ ਅਫ਼ਗਾਨਾ, ਨਰੜੂ, ਚਪੜ ਆਦਿ ਪਿੰਡਾਂ ਵਿਚ ਔਰਤਾਂ ਨਾਲ ਵਿਸ਼ੇਸ਼ ਬੈਠਕਾਂ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ, ਜਿਸ ਕਾਰਨ ਮਹਿਲਾਵਾਂ ਵਿਚ ਭਾਰੀ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ, ਪਰ ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਮਹਿਲਾਵਾਂ ਨੂੰ ਬਣਦੀ ਰਕਮ ਨਹੀਂ ਮਿਲੀ। “ਹੁਣ 2027 ਦੀਆਂ ਚੋਣਾਂ ਨੇੜੇ ਹਨ, ਇਸ ਲਈ ਸਿਰਫ਼ ਆਖ਼ਰੀ ਮਹੀਨਿਆਂ ਦੇ ਪੈਸੇ ਦੇ ਕੇ ਜ਼ਿੰਮੇਵਾਰੀ ਤੋਂ ਨਹੀਂ ਬਚਿਆ ਜਾ ਸਕਦਾ,”।ਬੀਬੀ ਝਿੰਜਰ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਕਮਜ਼ੋਰ ਹੈ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ ਅਤੇ ਲੋਕ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਚਾਰ ਸਾਲਾਂ ਦਾ ਕਰੀਬ 48 ਹਜ਼ਾਰ ਰੁਪਏ ਪ੍ਰਤੀ ਮਹਿਲਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਅੱਗੇ ਤੋਂ ਨਿਯਮਿਤ ਤੌਰ ‘ਤੇ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸ੍ਰੋਮਣੀ ਅਕਾਲੀ ਦਲ ਹਰ ਵਰਗ ਦੀ ਆਵਾਜ਼ ਬਣ ਕੇ ਮਹਿਲਾਵਾਂ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ।