ਆਗਾਮੀ ਪ੍ਰੋਗਰਾਮਾਂ ਨੂੰ ਲੈ ਕੇ ਐਨਜੀਓ ਨੇ ਕੀਤੀਆਂ ਅਹਿਮ ਵਿਚਾਰਾਂ
ਆਗਾਮੀ ਪ੍ਰੋਗਰਾਮਾਂ ਨੂੰ ਲੈ ਕੇ ਐਨਜੀਓ ਦੀ ਮੀਟਿੰਗ ਹੋਈ
Publish Date: Sun, 15 Mar 2026 04:27 PM (IST)
Updated Date: Sun, 15 Mar 2026 04:30 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਸੰਸਥਾ ਪਬਲਿਕ ਹੈਲਪ ਫਾਊਂਡੇਸ਼ਨ ਵੱਲੋਂ ਅੱਜ ਲਾਹੌਰੀ ਗੇਟ ਸਥਿਤ ਦਫ਼ਤਰ ਵਿਖੇ ਡਾ. ਅੰਬੇਡਕਰ ਲਾਇਬ੍ਰੇਰੀ ਐਂਡ ਸਟੱਡੀ ਸਰਕਲ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੇ ਮਹੀਨਿਆਂ ਵਿਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਚਲਾਏ ਜਾਣ ਵਾਲੇ ਸਮਾਜਿਕ ਅਤੇ ਵਿਦਿਅਕ ਮੁਹਿੰਮਾਂ ਦੀ ਰਣਨੀਤੀ ਤਿਆਰ ਕਰਨਾ ਸੀ। ਮੀਟਿੰਗ ਦੌਰਾਨ ਦੋਵਾਂ ਸੰਸਥਾਵਾਂ ਨੇ ਡਾ. ਬੀ.ਆਰ. ਅੰਬੇਡਕਰ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਸਮਾਜ ਦੇ ਪਛੜੇ ਤੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਸਾਂਝਾ ਮੰਚ ਤਿਆਰ ਕਰਨ ਤੇ ਜ਼ੋਰ ਦਿੱਤਾ। ਪੀ.ਐੱਚ.ਐੱਫ. ਦੇ ਜਨਰਲ ਸਕੱਤਰ ਰਵਿੰਦਰ ਰਵੀ ਨੇ ਮੀਟਿੰਗ ਦੌਰਾਨ ਆਗਾਮੀ ਅੰਬੇਡਕਰ ਜੈਅੰਤੀ ਸਮਾਗਮ ਨੂੰ ਲੈ ਕੇ ਵੀ ਵਿਸਤ੍ਰਿਤ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਸਥਾ ਪਟਿਆਲਾ ਦੇ ਸ਼ਹਿਰੀ ਅਤੇ ਪੇਂਡੂ ਦੋਵਾਂ ਹਿੱਸਿਆਂ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਵਧਾਏਗੀ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਲਾਇਬ੍ਰੇਰੀ ਐਂਡ ਸਟੱਡੀ ਸਰਕਲ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਣਗੇ। ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮੈਡੀਕਲ ਕੈਂਪ ਅਤੇ ਸਕਿੱਲ ਟ੍ਰੇਨਿੰਗ ਵਰਕਸ਼ਾਪਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਮੀਟਿੰਗ ਦੌਰਾਨ ਵਾਰਡ ਨੰਬਰ 56 ਦੇ ਕੌਂਸਲਰ ਜਗਮੋਹਨ ਸਿੰਘ, ਮੱਗਰ ਸਿੰਘ, ਰਾਜਿੰਦਰ ਸਹੋਤਾ, ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਤੋਂ ਬਲਬੀਰ ਸਿੰਘ ਬੈਂਸ, ਹੇਮਰਾਜ ਭੱਟੀ, ਕੁਲਦੀਪ ਸਿੰਘ ਮੱਟੂ, ਫਕੀਰ ਚੰਦ ਚੌਹਾਨ, ਰਵਿੰਦਰ ਬਿੱਟੂ, ਰਾਜੇਸ਼ ਕੁਮਾਰ, ਸੰਜੀਵ ਸ਼ੈਲੀ, ਦਰਸ਼ਨ ਸਿੰਘ, ਸ਼ਾਂਤਾ ਦੇਵੀ ਅਤੇ ਕਈ ਹੋਰ ਮੈਂਬਰ ਹਾਜ਼ਰ ਸਨ।