ਜੱਦੀ ਜ਼ਮੀਨ ਲੈਣ ਲਈ ਠੋਕਰਾਂ ਖਾਣ ਲਈ ਮਜਬੂਰ ਐੱਨਆਰਆਈ
ਜੱਦੀ ਜ਼ਮੀਨ ਲੈਣ ਲਈ ਠੋਕਰਾਂ ਖਾਣ ਲਈ ਮਜਬੂਰ ਐੱਨ.ਆਰ.ਆਈ
Publish Date: Thu, 11 Jun 2026 07:32 PM (IST)
Updated Date: Fri, 12 Jun 2026 04:12 AM (IST)

ਕਮਿਸ਼ਨ ਸਮੇਤ ਕਿਤੇ ਵੀ ਨਹੀਂ ਹੋਈ ਸੁਣਵਾਈ: ਭੁਪਿੰਦਰ ਭੁੱਲਰ, ਰਕਵਿੰਦਰ ਭੁੱਲਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 40 ਸਾਲ ਪਹਿਲਾਂ ਅਰਮੀਕਾ ਜਾ ਵਸੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਰਾਜੂ ਸਿੰਘ ਦੇ ਵਸਨੀਕ ਭੁਪਿੰਦਰ ਸਿੰਘ ਭੁੱਲਰ ਤੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਰਕਵਿੰਦਰ ਸਿੰਘ ਭੁੱਲਰ ਨੂੰ ਆਪਣੀ ਜੱਦੀ ਜ਼ਮੀਨ ਲੈਣ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਐੱਨਆਰਆਈ ਕਮਿਸ਼ਨ ਸਮੇਤ ਉਨ੍ਹਾਂ ਦੀ ਕਿਤੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਟਿਆਲਾ ਮੀਡੀਆ ਕਲੱਬ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਭੁੱਲਰ ਤੇ ਰਕਵਿੰਦਰ ਸਿੰਘ ਭੁੱਲਰ, ਜਿਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਸਾਥੀ ਕਰਨੈਲ ਸਿੰਘ ਭੱਟੀਆਂ ਵੀ ਮੌਜੂਦ ਸਨ, ਨੇ ਦੱਸਿਆ ਕਿ ਉਹ ਪਿਛਲੇ 40 ਸਾਲ ਤੋਂ ਅਮਰੀਕਾ ਰਹਿ ਰਹੇ ਹਨ। ਪਿੰਡ ’ਚ ਉਨ੍ਹਾਂ ਦੀ ਜੱਦੀ ਪੁਸ਼ਤੀ ਜ਼ਮੀਨ ਹੈ, ਜਿਸ ’ਚੋਂ 65 ਵਿੱਘੇ ਜ਼ਮੀਨ ਉਨ੍ਹਾਂ ਦੇ ਪਿਤਾ ਨੇ ਆਪਣੇ 4 ਪੋਤਿਆਂ ਦੇ ਨਾਂ ਕਰ ਦਿੱਤੀ ਸੀ। ਇਸ ਜ਼ਮੀਨ ’ਚੋਂ ਉਨ੍ਹਾਂ ਨੂੰ 2 ਕਿੱਲੇ ਦਾ ਕਬਜ਼ਾ ਤਾਂ ਮਿਲ ਗਿਆ ਪਰ ਬਾਕੀ ਰਹਿੰਦੀ 5 ਵਿੱਘੇ ਜ਼ਮੀਨ, ਜਿਸ ਦੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਬਣਦੀ ਹੈ, ਨੂੰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਦੱਬਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਲਿਖਤੀ ਸ਼ਿਕਾਇਤ ਭੇਜੀ ਤਾਂ ਕੁਝ ਹੀ ਘੰਟਿਆਂ ’ਚ ਸ਼ਿਕਾਇਤ ਐੱਨਆਰਆਈ ਸੈੱਲ ਪੰਜਾਬ ਪੁਲਿਸ ਨੂੰ ਭੇਜ ਦਿੱਤੀ ਗਈ ਪਰ ਐੱਨਆਰਆਈ ਸੈੱਲ ’ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਮੀਨ ਹਾਸਲ ਕਰਨ ਵਾਸਤੇ ਉਹ ਪਿਛਲੇ 4 ਸਾਲਾਂ ਤੋਂ ਪਟਿਆਲਾ ’ਚ ਰੁਕੇ ਹੋਏ ਹਨ। ਪਟਿਆਲਾ ’ਚ ਐੱਨਆਰਆਈ ਸੈੱਲ ਦੇ ਪਹਿਲੇ ਥਾਣਾ ਮੁਖੀ ਨੇ ਤਾਂ ਇਨਸਾਫ ਦੇਣ ਵਾਸਤੇ ਕਾਫੀ ਚਾਰਾਜੋਈ ਕੀਤੀ ਸੀ ਪਰ ਬਾਅਦ ’ਚ ਜਾਂਚ ਅਧਿਕਾਰੀ ਨੇ ਉਨ੍ਹਾਂ ਦਾ ਕੇਸ ਹੱਲ ਕਰਨ ਦੀ ਥਾਂ ਵਿਰੋਧੀ ਧਿਰ ਦੀ ਮਦਦ ਕਰਨੀ ਜਾਰੀ ਰੱਖੀ ਤੇ ਉਨ੍ਹਾਂ ਇਨਸਾਫ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਵੇਲੇ ਦੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਐੱਨਆਰਆਈ ਮਾਮਲਿਆਂ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੀ ਜ਼ਮੀਨ ਨੂੰ ਠੇਕੇ ’ਤੇ ਵਾਹੁਣ ਵਾਲਾ ਵਿਅਕਤੀ ਹਰ ਗਵਾਹੀ ਦੇਣ ਨੂੰ ਤਿਆਰ ਹੈ ਪਰ ਪੁਲਿਸ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੈ, ਉਲਟਾ ਐੱਨਆਰਆਈ ਵਿੰਗ ਪੁਲਿਸ ਨੇ ਸਾਨੂੰ ਇਹ ਕਹਿ ਦਿੱਤਾ ਹੈ ਕਿ ਪੁਲਿਸ ਮੁਕੱਦਮਾ ਕੋਈ ਨਹੀਂ ਬਣਦਾ ਤੇ ਇਹ ਦੀਵਾਨੀ ਮੁਕੱਦਮਾ ਬਣਦਾ ਹੈ। ਡੱਬੀ ਆਰਟੀਆਈ ਰਾਹੀਂ ਲੈ ਲਓ ਕੇਸ ਦੇ ਤੱਥਾਂ ਦੀ ਕਾਪੀ : ਏਐੱਸਆਈ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਐੱਨਆਰਆਈ ਵਿੰਗ ਪੁਲਿਸ ਥਾਣੇ ਦੇ ਏਐੱਸਆਈ ਗੁਰਦੀਪ ਸਿੰਘ ਨੇ ਸੰਪਰਕ ਕਰਨ ’ਤੇ ਆਖਿਆ ਕਿ ਕੇਸ ਬਹੁਤ ਪੁਰਾਣਾ ਹੈ, ਜੋ ਜ਼ੁਬਾਨੀ ਕਲਾਮੀ ਉਨ੍ਹਾਂ ਨੂੰ ਯਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਆਰਟੀਆਈ ਰਾਹੀਂ ਕੇਸ ਦੀ ਜਾਂਚ ਰਿਪੋਰਟ ਦੀ ਪੂਰੀ ਕਾਪੀ ਹਾਸਲ ਕਰ ਸਕਦੇ ਹਨ। ਉਨ੍ਹਾਂ ਨੂੰ ਸਾਰੇ ਤੱਥ ਸਪੱਸ਼ਟ ਹੋ ਜਾਣਗੇ। ਜਦੋਂ ਪੁੱਛਿਆ ਗਿਆ ਕਿ ਖੇੜੀ ਰਾਜੂ ਸਿੰਘ ਪਿੰਡ ਦੇ ਤਾਂ ਕਿੰਨੇ ਕੁ ਹੋਰ ਕੇਸ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹੇ ’ਚ ਬਹੁਤ ਸਾਰੇ ਕੇਸ ਆਉਂਦੇ ਹਨ, ਉਹ ਜ਼ੁਬਾਨੀ ਸਾਰੇ ਕੇਸਾਂ ਨੂੰ ਯਾਦ ਨਹੀਂ ਰੱਖ ਸਕਦੇ।