ਅਕਾਲੀ ਦਲ ਨੂੰ ਝਟਕਾ: ਮੀਤ ਪ੍ਰਧਾਨ ਲਖਬੀਰ ਸਿੰਘ ਲੌਟ ਨੇ ਦਿੱਤਾ ਅਸਤੀਫ਼ਾ
ਅਕਾਲੀ ਦਲ ਨੂੰ ਝਟਕਾ: ਮੀਤ ਪ੍ਰਧਾਨ ਲਖਬੀਰ ਸਿੰਘ ਲੌਟ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
Publish Date: Thu, 11 Jun 2026 06:56 PM (IST)
Updated Date: Fri, 12 Jun 2026 04:12 AM (IST)

ਹੁਣ ਅਕਾਲੀ ਦਲ ਸਿਰਫ਼ ਸਰਮਾਏਦਾਰਾਂ ਤੇ ਵਪਾਰੀਆਂ ਦੀ ਪਾਰਟੀ ਬਣਿਆ : ਲੌਟ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਇੱਕ ਹੋਰ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਚੇਅਰਮੈਨ ਅਤੇ ਮੌਜੂਦਾ ਮੀਤ ਪ੍ਰਧਾਨ ਲਖਬੀਰ ਸਿੰਘ ਲੌਟ ਨੇ ਭਰੇ ਮਨ ਨਾਲ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੀ ਲੀਡਰਸ਼ਿਪ ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਆਖਿਆ ਕਿ ਮੌਜੂਦਾ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸਰਮਾਏਦਾਰਾਂ ਅਤੇ ਵਪਾਰੀ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਹੁਣ ਇਸ ਪਾਰਟੀ ਵਿੱਚ ਭਾਈ ਲਾਲੋ ਦੇ ਵਾਰਿਸਾਂ ਯਾਨੀ ਕਿਰਤੀ, ਮਿਹਨਤੀ ਅਤੇ ਗੁਰੂ ਘਰ ਨੂੰ ਮੰਨਣ ਵਾਲੇ ਵਫ਼ਾਦਾਰ ਲੋਕਾਂ ਦੀ ਕੋਈ ਕਦਰ ਨਹੀਂ ਰਹੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਬੀਰ ਸਿੰਘ ਲੌਟ ਨੇ ਅਸਤੀਫ਼ੇ ਦੇ ਕਾਰਨਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਬਚੀ, ਸਗੋਂ ਪਾਰਟੀ ਹਾਈਕਮਾਂਡ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਵਰਕਰਾਂ ਤੇ ਜ਼ਬਰਦਸਤੀ ਫ਼ੈਸਲੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹੁਣ ਸਿਰਫ਼ ਪੈਸੇ ਅਤੇ ਸਰਮਾਏਦਾਰੀ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਨਿਸ਼ਕਾਮ ਸੇਵਾ ਕਰਨ ਵਾਲੇ ਵਰਕਰ ਅਣਗੋਲੇ ਮਹਿਸੂਸ ਕਰ ਰਹੇ ਹਨ। ਲੌਟ ਨੇ ਭਾਵੁਕ ਹੁੰਦਿਆਂ ਕਿਹਾ ‘‘ਸਾਡਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਅਕਾਲੀ ਦਲ ਦਾ ਸਿਪਾਹੀ ਰਿਹਾ ਹੈ। ਮੇਰੇ ਦਾਦਾ ਜੀ ਅਤੇ ਮੈਂ ਖ਼ੁਦ ਪਾਰਟੀ ਦੀਆਂ ਚੜ੍ਹਦੀਆਂ ਕਲਾਂ ਲਈ ਜੇਲ੍ਹਾਂ ਤੱਕ ਕੱਟੀਆਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਮੈਂ ਦਿਨ-ਰਾਤ ਪਾਰਟੀ ਦੀ ਸੇਵਾ ਕੀਤੀ ਹੈ। ਅਜਿਹੇ ਵਿੱਚ ਮਾਂ-ਪਾਰਟੀ ਨੂੰ ਛੱਡਣਾ ਮੇਰੇ ਲਈ ਬਹੁਤ ਦੁਖਦਾਈ ਅਤੇ ਪੀੜਾਦਾਇਕ ਫ਼ੈਸਲਾ ਹੈ।’’ ਡੱਬੀ ਵਪਾਰੀਕਰਨ ਕਾਰਨ ਹੀ ਹੋ ਰਹੀਆਂ ਨੇ ਲਗਾਤਾਰ ਹਾਰਾਂ ਲਖਬੀਰ ਸਿੰਘ ਲੌਟ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਦੇ ਫ਼ੈਸਲਿਆਂ ਵਿੱਚ ਵਪਾਰੀ ਲੋਕਾਂ ਦੀ ਵਧਦੀ ਸ਼ਮੂਲੀਅਤ ਤੇ ਦਖ਼ਲਅੰਦਾਜ਼ੀ ਕਾਰਨ ਹੀ ਅਕਾਲੀ ਦਲ ਆਮ ਲੋਕਾਂ ਅਤੇ ਜਨਤਾ ਦੀਆਂ ਭਾਵਨਾਵਾਂ ਤੋਂ ਦੂਰ ਹੋ ਗਿਆ ਹੈ। ਇਹੀ ਵੱਡਾ ਕਾਰਨ ਹੈ ਕਿ ਪਿਛਲੀਆਂ ਸਾਰੀਆਂ ਚੋਣਾਂ ਵਿੱਚ ਪਾਰਟੀ ਨੂੰ ਲਗਾਤਾਰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਨਜ਼ਰਅੰਦਾਜ਼ ਦੇ ਚੱਲਦਿਆਂ ਹੀ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ਲੌਟ ਨੇ ਦੁਹਰਾਇਆ ਕਿ ਭਾਵੇਂ ਉਹ ਅਕਾਲੀ ਦਲ ਛੱਡ ਰਹੇ ਹਨ, ਪਰ ਉਹ ਪੰਥ ਪ੍ਰਸਤੀ, ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਹਮੇਸ਼ਾ ਪਹਿਰਾ ਦਿੰਦੇ ਰਹਿਣਗੇ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।