12 ਬੱਚਿਆਂ ਸਮੇਤ 16 ਲੋਕ ਆਏ ਪੀਲੀਏ ਦੀ ਲਪੇਟ ’ਚ
12 ਬੱਚਿਆਂ ਸਮੇਤ 16 ਲੋਕ ਪੀਲੀਏ ਦੀ ਲਪੇਟ ’ਚ
Publish Date: Thu, 11 Jun 2026 06:28 PM (IST)
Updated Date: Fri, 12 Jun 2026 04:09 AM (IST)

ਡੋਗਰਾ ਮੁਹੱਲੇ ’ਚ ਦੂਸ਼ਿਤ ਪਾਣੀ ਕਾਰਨ ਫੈਲਿਆ ਪੀਲੀਆ, ਸਿਹਤ ਵਿਭਾਗ ਤੇ ਨਗਰ ਨਿਗਮ ਹਰਕਤ ਵਿੱਚ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਵਾਰਡ ਨੰਬਰ 31 ਵਿਚਲੇ ਡੋਗਰਾ ਮੁਹੱਲੇ ’ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਬਿਮਾਰੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਗੰਦੇ ਪਾਣੀ ਦੇ ਕਹਿਰ ਕਾਰਨ ਇਲਾਕੇ ਦੇ 12 ਮਾਸੂਮ ਬੱਚਿਆਂ ਸਮੇਤ ਕੁੱਲ 16 ਲੋਕ ਪੀਲੀਆ ਦਾ ਸ਼ਿਕਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਤੇ ਰੋਸ ਦਾ ਮਾਹੌਲ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਘਰਾਂ ’ਚ ਪੀਣ ਵਾਲੇ ਪਾਣੀ ਦੀ ਜਗ੍ਹਾ ਗੰਦਾ ਤੇ ਬਦਬੂਦਾਰ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਨੂੰ ਪੀਣ ਨਾਲ ਲੋਕ ਲਗਾਤਾਰ ਬਿਮਾਰ ਪੈ ਰਹੇ ਹਨ। ਡੱਬੀ ਮਰੀਜ਼ਾਂ ਦੀ ਹਾਲਤ ਗੰਭੀਰ, ਟੈਸਟਾਂ ’ਚ ਹੋਈ ਪੀਲੀਏ ਦੀ ਪੁਸ਼ਟੀ ਸਥਾਨਕ ਲੋਕਾਂ ਅਨੁਸਾਰ ਬੀਤੇ ਕੁਝ ਦਿਨਾਂ ਤੋਂ ਬੱਚਿਆਂ ਤੇ ਬਜ਼ੁਰਗਾਂ ’ਚ ਉਲਟੀਆਂ, ਦਸਤ ਤੇ ਤੇਜ਼ ਬੁਖਾਰ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਜਦੋਂ ਕੁਝ ਗੰਭੀਰ ਮਰੀਜ਼ਾਂ ਦੀ ਨਿੱਜੀ ਤੇ ਸਰਕਾਰੀ ਹਸਪਤਾਲਾਂ ’ਚ ਡਾਕਟਰੀ ਜਾਂਚ ਕਰਵਾਈ ਗਈ ਤਾਂ ਰਿਪੋਰਟਾਂ ’ਚ ਉਨ੍ਹਾਂ ਨੂੰ ਪੀਲੀਆ ਹੋਣ ਦੀ ਪੁਸ਼ਟੀ ਹੋਈ। ਇਕੋ ਇਲਾਕੇ ’ਚ ਇੰਨੀ ਵੱਡੀ ਗਿਣਤੀ ’ਚ ਪੀਲੀਏ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਹੜਕੰਪ ਮਚ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪਾਣੀ ਦੀ ਸਪਲਾਈ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ। ਡੱਬੀ ਗਲੀਆਂ ਦੀ ਪੁਟਾਈ ਬਣੀ ਮੁੱਖ ਮੁਸੀਬਤ ਇਲਾਕਾ ਨਿਵਾਸੀਆਂ ਅਨੁਸਾਰ ਇਸ ਭਿਆਨਕ ਸਥਿਤੀ ਦਾ ਮੁੱਖ ਕਾਰਨ ਇਲਾਕੇ ’ਚ ਚੱਲ ਰਿਹਾ ਵਿਕਾਸ ਕਾਰਜ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਨਵੀਆਂ ਗਲੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪੂਰੇ ਇਲਾਕੇ ਦੀਆਂ ਗਲੀਆਂ ਨੂੰ ਬੁਰੀ ਤਰ੍ਹਾਂ ਪੁੱਟਿਆ ਹੋਇਆ ਹੈ। ਸਥਾਨਕ ਲੋਕਾਂ ਦਾ ਅਨੁਮਾਨ ਹੈ ਕਿ ਪੁੱਟ-ਪਟਾਈ ਦੌਰਾਨ ਜ਼ਮੀਨਦੋਜ਼ ਲੰਘ ਰਹੀ ਪੀਣ ਵਾਲੇ ਪਾਣੀ ਦੀ ਮੁੱਖ ਸਪਲਾਈ ਲਾਈਨ ਤੇ ਸੀਵਰੇਜ ਲਾਈਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਇਸੇ ਕਰ ਕੇ ਹੀ ਪੀਣ ਵਾਲੇ ਪਾਣੀ ’ਚ ਗੰਦਾ ਪਾਣੀ ਰਲ ਗਿਆ ਹੈ। ਡੱਬੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਕੈਂਪ ਸ਼ੁਰੂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਮੋਡ ’ਚ ਆ ਗਿਆ ਹੈ। ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਗਠਿਤ ਕਰ ਕੇ ਪ੍ਰਭਾਵਿਤ ਇਲਾਕੇ ’ਚ ਭੇਜੀਆਂ ਗਈਆਂ ਹਨ। ਸਿਹਤ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਿਮਾਰ ਲੋਕਾਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਮੌਕੇ ’ਤੇ ਹੀ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਤੇ ਓਆਰਐੱਸ ਦੇ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ। ਡਾਕਟਰਾਂ ਵੱਲੋਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਡੱਬੀ ਪਾਈਪਲਾਈਨ ਦੀ ਜਾਂਚ ਸ਼ੁਰੂ: ਐੱਸਡੀਓ ਦੂਜੇ ਪਾਸੇ ਨਗਰ ਨਿਗਮ ਦੇ ਐੱਸਡੀਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਮਿਲਦਿਆਂ ਹੀ ਨਿਗਮ ਦੀਆਂ ਤਕਨੀਕੀ ਟੀਮਾਂ ਨੂੰ ਮੌਕੇ ’ਤੇ ਰਵਾਨਾ ਕਰ ਦਿੱਤਾ ਗਿਆ ਹੈ। ਟੀਮਾਂ ਵੱਲੋਂ ਇਲਾਕੇ ਦੀ ਮੁੱਖ ਪਾਈਪ ਲਾਈਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਲੀਕੇਜ ਤਾਂ ਨਹੀਂ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਲ ਰਿਹਾ ਹੋਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਸਮੱਸਿਆ ਦਾ ਹੱਲ ਕਰ ਕੇ ਸਾਫ਼ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।