ਅਧਿਕਾਰੀਆਂ ਤੇ ਅਰਬਨ ਅਸਟੇਟ ਜੁਆਇੰਟ ਫੋਰਮ ਵਿਚਕਾਰ ਅਹਿਮ ਮੀਟਿੰਗ
ਅਧਿਕਾਰੀਆਂ ਅਤੇ ਅਰਬਨ ਅਸਟੇਟ ਜੁਆਇੰਟ ਫੋਰਮ ਵਿਚਕਾਰ ਅਹਿਮ ਮੀਟਿੰਗ
Publish Date: Fri, 05 Jun 2026 04:28 PM (IST)
Updated Date: Fri, 05 Jun 2026 04:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਰਬਨ ਅਸਟੇਟ ਫੇਜ਼-2 ਦੇ ਵਸਨੀਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰੀਆਂ ਤੇ ਅਰਬਨ ਅਸਟੇਟ ਰੈਜ਼ੀਡੈਂਟ ਵੈਲਫੇਅਰ ਜੁਆਇੰਟ ਫੋਰਮ ਦੇ ਪ੍ਰਤੀਨਿਧੀਆਂ ਵਿਚਕਾਰ ਇਕ ਬੇਹੱਦ ਮਹੱਤਵਪੂਰਨ ਮੀਟਿੰਗ ਹੋਈ। ਇਹ ਮੀਟਿੰਗ ਜੁਆਇੰਟ ਫੋਰਮ ਦੇ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ ਤੇ ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਜੁਆਇੰਟ ਫੋਰਮ ਵੱਲੋਂ ਬੀਤੇ ਦਿਨ ਦਿੱਤੇ ਗਏ ਇਕ ਮੰਗ ਪੱਤਰ ਦੇ ਸਬੰਧ ਵਿੱਚ ਬੁਲਾਈ ਗਈ ਸੀ। ਮੀਟਿੰਗ ਦੌਰਾਨ ਅਰਬਨ ਐਸਟੇਟ ਫੇਜ਼-2 ਦੇ ਵਿਕਾਸ ਤੇ ਸੁਰੱਖਿਆ ਨਾਲ ਸਬੰਧਤ ਸਾਰੇ ਪ੍ਰਮੁੱਖ ਮੁੱਦਿਆਂ ਉੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਲਾਕੇ ਦੀ ਸੁਰੱਖਿਆ ਲਈ ਬਾਊਂਡਰੀ ਵਾਲ ਜਾਂ ਕੰਡਿਆਲੀ ਤਾਰ ਲਗਾਉਣ ਤੇ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਦੀ ਮੰਗ ਕੀਤੀ। ਪਾਰਕ ਨੰਬਰ 39 ਵਿਚ ਵਾਟਰ ਰੀਚਾਰਜ ਪੁਆਇੰਟ ਦੀ ਉਸਾਰੀ, ਕੂੜਾ-ਕਰਕਟ ਦੇ ਨਿਪਟਾਰੇ ਦੇ ਪੁਖ਼ਤਾ ਪ੍ਰਬੰਧ ਅਤੇ ਅੱਧ-ਬਣੇ ਖਾਲੀ ਮਕਾਨਾਂ ਦੇ ਮਾਲਕਾਂ ਨੂੰ ਸਫ਼ਾਈ ਲਈ ਨੋਟਿਸ ਭੇਜਣਾ। ਆਵਾਰਾ ਪਸ਼ੂਆਂ ਦੀ ਰੋਕਥਾਮ, ਕੁੱਤਿਆਂ ਦੀ ਨਸਬੰਦੀ ਅਤੇ ਸਥਾਨਕ ਰੇਹੜੀ ਮਾਰਕੀਟ ਨੂੰ ਸੁਚੱਜੇ ਢੰਗ ਨਾਲ ਵਿਕਸਤ ਕਰਨ ਬਾਰੇ ਚਰਚਾ ਕੀਤੀ ਗਈ। ਪੀਡੀਏ ਦੇ ਉੱਚ ਅਧਿਕਾਰੀਆਂ ਨੇ ਜੁਆਇੰਟ ਫੋਰਮ ਵੱਲੋਂ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ-ਅੰਦਰ ਜ਼ਿਆਦਾਤਰ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਆਪਣੀ ਸਹਿਮਤੀ ਪ੍ਰਗਟਾਈ। ਮੀਟਿੰਗ ਵਿਚ ਪੀ.ਡੀ.ਏ. ਵੱਲੋਂ ਰਵਿੰਦਰ ਕੌਰ ਸਹਾਇਕ ਐਸਟੇਟ ਅਫ਼ਸਰ, ਮੁਨੀਸ਼ ਮਹਿਤਾ ਐਕਸੀਅਨ, ਸੰਦੀਪ ਸ਼ਰਮਾ ਐਕਸੀਅਨ, ਵਿਸ਼ਾਲ ਸਿੰਗਲਾ ਐੱਸਡੀਓ ਤੇ ਗੁਰਪ੍ਰੀਤ ਸਿੰਘ ਐੱਸਡੀਓ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਦੂਜੇ ਪਾਸੇ, ਜੁਆਇੰਟ ਫੋਰਮ ਵੱਲੋਂ ਪ੍ਰਧਾਨ ਯੁਵਰਾਜ ਸਿੰਘ, ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ, ਚੀਫ਼ ਕੋਆਰਡੀਨੇਟਰ ਡਾ. ਰਣਜੀਤ ਸਿੰਘ, ਸਾਗਰ ਤਿਆਗੀ, ਜੀਤ ਸਿੰਘ, ਜੇ.ਪੀ. ਸਿੰਘ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿਚ ਜੁਆਇੰਟ ਫੋਰਮ ਦੇ ਆਗੂਆਂ ਨੇ ਪੀਡੀਏ ਅਧਿਕਾਰੀਆਂ ਵੱਲੋਂ ਦਿੱਤੇ ਗਏ ਹਾਂ-ਪੱਖੀ ਭਰੋਸੇ ਦਾ ਸਵਾਗਤ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਨਿਰਧਾਰਤ ਸਮੇਂ ਦੇ ਅੰਦਰ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕਰੇਗਾ, ਜਿਸ ਨਾਲ ਅਰਬਨ ਐਸਟੇਟ ਫੇਜ਼-2 ਦੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਿਲੇਗੀ।