ਪਿੰਡ ਲੰਗ ਦੀ ਸਰਪੰਚੀ ਨੂੰ ਲੈ ਕੇ ‘ਆਪ’ ਤੇ ਕਾਂਗਰਸ ’ਚ ਸਿਆਸੀ ਡਰਾਮਾ
ਪਿੰਡ ਲੰਗ ਦੀ ਸਰਪੰਚੀ ਨੂੰ ਲੈ ਕੇ 'ਆਪ' ਤੇ ਕਾਂਗਰਸ 'ਚ ਸਿਆਸੀ ਡਰਾਮਾ
Publish Date: Thu, 04 Jun 2026 06:36 PM (IST)
Updated Date: Fri, 05 Jun 2026 03:36 PM (IST)

- ਅਦਾਲਤੀ ਹੁਕਮਾਂ ਨੇ ਪਲਟੀ ਬਾਜ਼ੀ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪਟਿਆਲਾ ਦੇ ਨਜ਼ਦੀਕੀ ਪਿੰਡ ਲੰਗ ਦੀ ਪੰਚਾਇਤ ਵਿੱਚ ਸਿਆਸੀ ਖਿੱਚੋਤਾਣ ਦਾ ਇੱਕ ਬੇਹੱਦ ਦਿਲਚਸਪ ਅਤੇ ਨਾਟਕੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਸਿਆਸੀ ਜੰਗ ਅਦਾਲਤੀ ਹੁਕਮਾਂ ਤੋਂ ਬਾਅਦ ਇੱਕ ਨਵੇਂ ਮੋੜ ’ਤੇ ਪਹੁੰਚ ਗਈ ਹੈ। ਬੀਤੇ ਦਿਨੀਂ ਪੰਚਾਇਤ ਵਿਭਾਗ ਦੇ ਡੀਡੀਪੀਓ ਵੱਲੋਂ ਗੰਭੀਰ ਦੋਸ਼ਾਂ ਤਹਿਤ ਪਿੰਡ ਦੇ ਕਾਂਗਰਸੀ ਸਰਪੰਚ ਜਸਵਿੰਦਰ ਕੌਰ ਸਮੇਤ ਪੂਰੀ ਪੰਚਾਇਤ, ਜਿਸ ਵਿੱਚ ਪੰਚ ਗੁਰਮੀਤ ਕੌਰ, ਮਨਪ੍ਰੀਤ ਸਿੰਘ, ਮਸਤ ਖਾਂ, ਗੁਰਦੀਪ ਸਿੰਘ ਅਤੇ ਗੁਰਮੇਲ ਕੌਰ ਸ਼ਾਮਲ ਸਨ, ਨੂੰ ਮੁਅੱਤਲ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ। ਸਰਪੰਚ ਦੇ ਮੁਅੱਤਲ ਹੁੰਦਿਆਂ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਫੁਰਤੀ ਦਿਖਾਉਂਦੇ ਹੋਏ ਆਪਣੇ ਧੜੇ ਦੀ ਇੱਕ ਔਰਤ ਨੂੰ ਨਵਾਂ ਸਰਪੰਚ ਥਾਪ ਦਿੱਤਾ। ਇੰਨਾ ਹੀ ਨਹੀਂ, ਇਸ ਨਿਯੁਕਤੀ ਤੋਂ ਬਾਅਦ ਹਲਕਾ ਕੈਬਨਿਟ ਮੰਤਰੀ ਦੇ ਪੁੱਤਰ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਨਵੀਂ ਮਹਿਲਾ ਸਰਪੰਚ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਰਕਰਾਂ ਵੱਲੋਂ ਜਸ਼ਨ ਮਨਾਏ ਗਏ। ਪਰ ‘ਆਪ’ ਖੇਮੇ ਦੀ ਇਹ ਖੁਸ਼ੀ ਜ਼ਿਆਦਾ ਦੇਰ ਟਿਕ ਨਾ ਸਕੀ। ਕੁਝ ਹੀ ਘੰਟਿਆਂ ਬਾਅਦ ਅਦਾਲਤ ਵੱਲੋਂ ਕਾਂਗਰਸੀ ਸਰਪੰਚ ਦੀ ਮੁਅੱਤਲੀ ਦੇ ਹੁਕਮਾਂ ’ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਅਦਾਲਤ ਦੇ ਇਸ ਫੈਸਲੇ ਦੀ ਸੂਚਨਾ ਮਿਲਦਿਆਂ ਹੀ ’ਆਪ’ ਧਿਰ ਦੀਆਂ ਖੁਸ਼ੀਆਂ ’ਤੇ ਵਿਰਾਮ ਚਿੰਨ੍ਹ ਲੱਗ ਗਿਆ ਅਤੇ ਪਿੰਡ ਦੀ ਸਿਆਸਤ ਵਿੱਚ ਮੁੜ ਗਰਮਾ-ਗਰਮੀ ਵਧ ਗਈ ਹੈ। ----- - ਅਦਾਲਤ ਨੇ ਡੀਡੀਪੀਓ ਦਾ ਹੁਕਮ ਕੀਤਾ ਰੱਦ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਸਕੱਤਰ ਅਜੀਤ ਬਾਲਾਜੀ ਜੋਸ਼ੀ ਦੀ ਅਦਾਲਤ ਨੇ ਅਪੀਲ ਦੀ ਸੁਣਵਾਈ ਕਰਦਿਆਂ ਇਹ ਸਾਫ਼ ਕਰ ਦਿੱਤਾ ਹੈ ਕਿ ਡੀਡੀਪੀਓ ਪਟਿਆਲਾ ਕੋਲ ਪੰਚਾਇਤ ਫੰਡਾਂ ਦੀ ਦੁਰਵਰਤੋਂ ਦਾ ਕੋਈ ਵੀ ਪੁਖਤਾ ਸਬੂਤ ਰਿਕਾਰਡ ’ਤੇ ਮੌਜੂਦ ਨਹੀਂ ਸੀ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਸਿਆਸੀ ਸ਼ਹਿ ’ਤੇ ਇੱਕ ਝੂਠੀ ਸ਼ਿਕਾਇਤ ਦੇ ਆਧਾਰ ’ਤੇ ਹੀ ਚੁਣੀ ਹੋਈ ਪੰਚਾਇਤ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਡੀਡੀਪੀਓ ਪਟਿਆਲਾ ਵੱਲੋਂ 29 ਅਪ੍ਰੈਲ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਨੂੰ ਖਾਰਜ ਕਰ ਦਿੱਤਾ ਹੈ। ----- ਇਹ ਲੋਕਤੰਤਰ ਦੀ ਜਿੱਤ ਹੈ : ਮੋਹਿਤ ਮੋਹਿੰਦਰਾ ਇਸ ਫੈਸਲੇ ਤੇ ਖੁਸ਼ੀ ਜ਼ਾਹਿਰ ਕਰਦਿਆਂ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਪਿੰਡ ਲੰਗ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਚੁਣੇ ਗਏ ਛੇ ਪੰਚਾਂ ਖ਼ਿਲਾਫ਼ ਇਹ ਕਾਰਵਾਈ ਸਿਰਫ਼ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਆਪ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਅੱਗੇ ਝੁਕੇ ਨਹੀਂ ਸਨ। ਸਥਾਨਕ ਮੰਤਰੀ ਦੇ ਇਸ਼ਾਰੇ ਤੇ ਪਟਿਆਲਾ ਪ੍ਰਸ਼ਾਸਨ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇਹ ਧੱਕੇਸ਼ਾਹੀ ਕੀਤੀ ਸੀ, ਜਿਸ ਨੂੰ ਅੱਜ ਕਾਨੂੰਨ ਨੇ ਕਰਾਰਾ ਜਵਾਬ ਦਿੱਤਾ ਹੈ। ਇਹ ਜਿੱਤ ਪਿੰਡ ਲੰਗ ਦੇ ਲੋਕਾਂ ਅਤੇ ਲੋਕਤੰਤਰ ਦੀ ਜਿੱਤ ਹੈ। ----- ਅਜੇ ਕੁਝ ਨਹੀਂ ਕਹਿਣਾ : ਮੇਵਾ ਸਿੰਘ ਲੰਗ ਪਿੰਡ ਲੰਗ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਵਾ ਸਿੰਘ ਲੰਗ ਨੇ ਨਵੀਂ ਚੁਣੇ ਸਰਪੰਚ ਤੇ ਪੰਚਾਇਤ ਦੇ ਸਵਾਲ ’ਤੇ ਕਿਹਾ ਕਿ ਫਿਲਹਾਲ ਇਸ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਹਨ। ਵਿਭਾਗ ਦੇ ਹੁਕਮਾਂ ’ਤੇ ਪਹਿਲਾਂ ਪੰਚਾਇਤ ਦੀ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਸ ਮਸਲੇ ਬਾਰੇ ਹੋਰ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।