ਨਕਲੀ ਦੁੱਧ ਤੇ ਤੂੜੀ ਦੇ ਵੱਧ ਰਹੇ ਰੇਟਾਂ ਨੇ ਡੇਅਰੀ ਮਾਲਕਾਂ ਦੀ ਚਿੰਤਾ ਵਧਾਈ
ਨਕਲੀ ਦੁੱਧ ਤੇ ਤੂੜੀ ਦੇ ਵੱਧ ਰਹੇ ਰੇਟਾਂ ਨੇ ਡੇਅਰੀ ਮਾਲਕਾਂ ਦੀ ਚਿੰਤਾ ਵਧਾਈ
Publish Date: Thu, 04 Jun 2026 04:40 PM (IST)
Updated Date: Fri, 05 Jun 2026 03:30 PM (IST)

- ਡੇਅਰੀ ਯੂਨੀਅਨ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਡੇਅਰੀ ਯੂਨੀਅਨ ਪਟਿਆਲਾ ਦੀ ਇੱਕ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ ਪ੍ਰਧਾਨ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਡੇਅਰੀ ਫਾਰਮਰਾਂ ਨੂੰ ਦਰਪੇਸ਼ ਆ ਰਹੀਆਂ ਗੰਭੀਰ ਮੁਸ਼ਕਿਲਾਂ, ਖਾਸ ਕਰ ਕੇ ਤੂੜੀ ਦੇ ਲਗਾਤਾਰ ਵੱਧ ਰਹੇ ਰੇਟਾਂ ਅਤੇ ਬਾਜ਼ਾਰ ਵਿੱਚ ਵਿਕ ਰਹੇ ਨਕਲੀ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ ਗਈ। ਮੀਟਿੰਗ ਤੋਂ ਬਾਅਦ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਹੰਗਾਮੀ ਮੀਟਿੰਗ ਅਤੇ ਮੰਗ ਪੱਤਰ ਸੌਂਪਣ ਦੇ ਮੌਕੇ ਯੂਨੀਅਨ ਦੇ ਪ੍ਰਧਾਨ ਕ੍ਰਿਪਾਲ ਸਿੰਘ ਤੋਂ ਇਲਾਵਾ ਪਾਲਾ ਰਾਮ, ਦਵਿੰਦਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਤਰਨਜੀਤ ਸਿੰਘ, ਜਗੀਰ ਸਿੰਘ, ਅਤੇ ਧਨਵਿੰਦਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿੱਚ ਡੇਅਰੀ ਫਾਰਮਰ ਅਤੇ ਪਸ਼ੂ ਪਾਲਕ ਹਾਜ਼ਰ ਸਨ। ----- - ਫੈਕਟਰੀਆਂ ’ਚ ਤੂੜੀ ਦੀ ਵਰਤੋਂ ’ਤੇ ਰੋਕ ਲਾਉਣ ਦੀ ਮੰਗ ਏਡੀਸੀ ਨੂੰ ਮਿਲੇ ਵਫ਼ਦ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਵੱਖ-ਵੱਖ ਫੈਕਟਰੀਆਂ ਵੱਲੋਂ ਤੂੜੀ ਨੂੰ ਬਾਲਣ ਵਜੋਂ ਵੱਡੇ ਪੱਧਰ ਤੇ ਵਰਤਿਆ ਜਾ ਰਿਹਾ ਹੈ। ਫੈਕਟਰੀਆਂ ਵੱਲੋਂ ਮਹਿੰਗੇ ਭਾਅ ਤੇ ਤੂੜੀ ਖਰੀਦਣ ਕਾਰਨ ਬਾਜ਼ਾਰ ਵਿੱਚ ਇਸ ਦੀ ਕਿੱਲਤ ਹੋ ਗਈ ਹੈ ਅਤੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਯੂਨੀਅਨ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਫੈਕਟਰੀਆਂ ਵਿੱਚ ਤੂੜੀ ਦੀ ਬਾਲਣ ਵਜੋਂ ਵਰਤੋਂ ਤੇ ਤੁਰੰਤ ਮੁਕੰਮਲ ਰੋਕ ਲਗਾਈ ਜਾਵੇ, ਤਾਂ ਜੋ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮਰਾਂ ਨੂੰ ਤੂੜੀ ਦੇ ਰੇਟਾਂ ਵਿੱਚ ਵੱਡੀ ਰਾਹਤ ਮਿਲ ਸਕੇ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਤੂੜੀ ਦੇ ਰੇਟ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਨਿਰਧਾਰਿਤ ਕੀਤੇ ਜਾਣ। ----- - ਨਕਲੀ ਦੁੱਧ-ਪਨੀਰ ’ਤੇ ਪਾਬੰਦੀ ਦੀ ਅਪੀਲ ਇਸ ਦੇ ਨਾਲ ਹੀ ਡੇਅਰੀ ਯੂਨੀਅਨ ਨੇ ਬਾਜ਼ਾਰਾਂ ਵਿੱਚ ਵਿਕ ਰਹੇ ਨਕਲੀ ਦੁੱਧ, ਦਹੀਂ ਅਤੇ ਪਨੀਰ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ। ਆਗੂਆਂ ਨੇ ਕਿਹਾ ਕਿ ਮਿਲਾਵਟਖੋਰਾਂ ਵੱਲੋਂ ਵੇਚੇ ਜਾ ਰਹੇ ਡੁਪਲੀਕੇਟ ਦੁੱਧ ਅਤੇ ਪਨੀਰ ਕਾਰਨ ਜਿੱਥੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਉੱਥੇ ਹੀ ਅਸਲੀ ਅਤੇ ਸ਼ੁੱਧ ਦੁੱਧ ਪੈਦਾ ਕਰਨ ਵਾਲੇ ਡੇਅਰੀ ਫਾਰਮਰਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਅਜਿਹੇ ਨਕਲੀ ਉਤਪਾਦਾਂ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਮਿਲਾਵਟਖੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ----- - ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਪਟਿਆਲਾ ਡੇਅਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਗੰਭੀਰ ਲਹਿਜੇ ਵਿੱਚ ਬੇਨਤੀ ਸਹਿਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ, ਤਾਂ ਪੰਜਾਬ ਦਾ ਸਭ ਤੋਂ ਸਹਾਇਕ ਧੰਦਾ ਯਾਨੀ ਡੇਅਰੀ ਫਾਰਮਿੰਗ ਪੂਰੀ ਤਰ੍ਹਾਂ ਬੰਦ ਹੋਣ ਦੀ ਕਗਾਰ ਤੇ ਪਹੁੰਚ ਜਾਵੇਗਾ। ਮਹਿੰਗੀ ਫੀਡ ਅਤੇ ਮਹਿੰਗੀ ਤੂੜੀ ਕਾਰਨ ਪਹਿਲਾਂ ਹੀ ਇਹ ਧੰਦਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਰਕਾਰੀ ਸਰਪ੍ਰਸਤੀ ਦੀ ਸਖਤ ਲੋੜ ਹੈ।